ਚੰਡੀਗੜ੍ਹ: ਜ਼ਿਲ੍ਹਾ ਪੰਚਕੂਲਾ ਦੇ ਮੋਰਨੀ ਵਿੱਚ ਬੀਤੇ ਦਿਨੀਂ ਵਾਪਰੇ ਗੈਂਗਰੇਪ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੀੜਤਾ ਦਾ ਪਤੀ ਉਸ ਕੋਲੋਂ ਜਿਸਮਫਰੋਸ਼ੀ ਦਾ ਧੰਦਾ ਕਰਵਾਉਂਦਾ ਸੀ। ਪੁਲਿਸ ਨੇ ਪੀੜਤਾ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਇਰਫ਼ਾਨ ਨੇ ਹੀ ਆਪਣੀ ਪਤਨੀ ਨੂੰ 40 ਲੋਕਾਂ ਹੱਥ ਵੇਚਿਆ ਸੀ। ਪੰਚਕੂਲਾ ਅਦਾਲਤ ਤੋਂ ਪੁਲਿਸ ਨੂੰ ਇਰਫ਼ਾਨ ਦਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ। ਪੁਲਿਸ ਹੁਣ ਇਰਫ਼ਾਨ ਤੋਂ ਪੁੱਛਗਿੱਛ ਵਿੱਚ ਇਸ ਗੋਰਖਧੰਦੇ ਦਾ ਸੱਚ ਕਢਵਾਏਗੀ। ਜ਼ਿਕਰਯੋਗ ਹੈ ਕਿ ਬੀਤੀ 20 ਜੁਲਾਈ ਨੂੰ ਮੋਰਨੀ ਦੀਆਂ ਪਹਾੜੀਆਂ ‘ਚ ਸਥਿਤ ਲਵਲੀ ਗੈਸਟ ਹਾਊਸ ਅੰਦਰ ਚਾਰ ਦਿਨ ਤਕ ਲਗਾਤਾਰ ਚੰਡੀਗੜ੍ਹ ਦੀ ਕੁੜੀ ਨਾਲ 40 ਲੋਕਾਂ ਵੱਲੋਂ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਉਦੋਂ ਪੀੜਤਾ ਤੇ ਉਸ ਦੇ ਪਤੀ ਨੇ ਗੈਸਟ ਹਾਊਸ ਦੇ ਮਾਲਕ ਤੇ ਮੁੱਖ ਮੁਲਜ਼ਮ ਸੰਨੀ ਉੱਪਰ ਨੌਕਰੀ ਦੇਣ ਦੇ ਬਹਾਨੇ ਸਰੀਰਕ ਸੋਸ਼ਣ ਦਾ ਦੋਸ਼ ਲਾਇਆ ਸੀ।