ਕਰਨਾਲ: ਰਮਜ਼ਾਮ ਮੌਕੇ ਹਰਿਆਣਾ ਦੇ ਕਰਨਾਲ ਵਿੱਚ ਨਮਾਜ਼ ਪੜ੍ਹ ਰਹੇ ਲੋਕਾਂ ਨਾਲ ਕੁੱਟਮਾਰ ਤੇ ਮਸਜਿਦ ਦੀ ਕੰਧ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਇਲਜ਼ਾਮ ਹੈ ਕਿ ਅਜ਼ਾਨ ਲਈ ਲੱਗੇ ਹੋਏ ਸਪੀਕਰ ਦੇ ਤਾਰ ਵੀ ਤੋੜ ਦਿੱਤੇ ਗਏ। ਮੁਸਲਿਮ ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।

 

ਅਜ਼ਾਨ ਦੀ ਆਵਾਜ਼ ਤੋਂ ਅੱਕੇ ਲੋਕਾਂ ਦਾ ਕਾਰਾ

ਇਹ ਮਾਮਲਾ ਕਰਨਾਲ ਦੇ ਪਿੰਡ ਨੇਵਲ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਪੀਕਰ ਤੋਂ ਅਜ਼ਾਨ ਦੀ ਆਵਾਜ਼ ਤੋਂ ਔਖੇ ਹੋਏ ਕੁਝ ਲੋਕ ਮਸਜਿਦ ਵਿੱਚ ਵੜ ਗਏ ਤੇ ਖ਼ੂਬ ਹੰਗਾਮਾ ਕੀਤਾ। ਘਟਨਾ ਤੋਂ ਬਾਅਦ ਹੀ ਸਾਰੇ ਮੁਸਲਿਮ ਸਮਾਜ ਦੇ ਲੋਕ ਸਹਿਮੇ ਹੋਏ ਹਨ। ਘਟਨਾ ਤੋਂ ਬਾਅਦ ਲੋਕਾਂ ਨੇ ਨਮਾਜ਼ ਵਿਚਕਾਰ ਹੀ ਛੱਡ ਦਿੱਤੀ ਤੇ ਇਕੱਠਾ ਹੋ ਕੇ ਕੁੰਜਪੁਰਾ ਪੁਲਿਸ ਥਾਣੇ ਪਹੁੰਚ ਕੇ ਸ਼ਿਕਾਇਤ ਕੀਤੀ। ਪੁਲਿਸ ਨੇ ਸ਼ਿਕਾਇਤ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੁਰੂਗ੍ਰਾਮ ਵਿੱਚ ਵੀ ਪਾਇਆ ਗਿਆ ਸੀ ਨਮਾਜ਼ 'ਚ ਵਿਘਨ

ਪਿਛਲੇ ਮਹੀਨੇ ਹਰਿਆਣਾ ਦੇ ਹੀ ਗੁਰੂਗ੍ਰਾਮ ਵਿੱਚ ਨਮਾਜ਼ 'ਤੇ ਵੱਡਾ ਵਿਵਾਦ ਹੋਇਆ ਸੀ। ਦਰਅਸਲ, ਗੁਰੂਗ੍ਰਾਮ ਸੈਕਟਰ 53 ਦੇ ਵਜ਼ੀਰਾਬਾਦ ਪਿੰਡ ਵਿੱਚ ਖੁੱਲ੍ਹੀ ਥਾਂ 'ਤੇ ਨਮਾਜ਼ ਪੜ੍ਹਨ ਤੋਂ ਰੋਕਣ 'ਤੇ ਵਿਵਾਦ ਸ਼ੁਰੂ ਹੋਇਆ ਸੀ। ਸਰਕਾਰੀ ਜ਼ਮੀਨ 'ਤੇ ਕੁਝ ਲੋਕ ਆਪਣੀ ਨਮਾਜ਼ ਅਦਾ ਕਰ ਰਹੇ ਸਨ ਤਾਂ ਕੁਝ ਨੌਜਵਾਨ ਆਏ ਤੇ ਉਨ੍ਹਾਂ ਨੂੰ ਜ਼ਬਰਨ ਉੱਥੋਂ ਹਟਾਇਆ ਗਿਆ ਤੇ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਾਏ ਗਏ।

ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਗੁਰੂਗ੍ਰਾਮ ਵਿੱਚ ਕਾਫੀ ਤਣਾਅ ਰਿਹਾ ਸੀ। ਪਹਿਲਾਂ ਖੱਟਰ ਸਰਕਾਰ ਨੇ ਵੀ ਖੁੱਲ੍ਹੀ ਥਾਂ 'ਤੇ ਨਮਾਜ਼ ਪੜ੍ਹਨ ਤੋਂ ਰੋਕਿਆ ਸੀ, ਪਰ ਬਾਅਦ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਸੀ ਕਿ ਦਿੱਕਤ ਆਉਣ 'ਤੇ ਪ੍ਰਸ਼ਾਸਨ ਦੀ ਮਦਦ ਲਈ ਜਾਵੇ।