ਚੰਡੀਗੜ੍ਹ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਇਹ ਅੰਦੋਲਨ 10 ਦਿਨ ਯਾਨੀ 10 ਜੂਨ ਤਕ ਚੱਲੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰੀ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਤੇਲ ਦੀਆਂ ਕੀਮਤਾਂ ਵਧਣ ਕਰਕੇ ਉਨ੍ਹਾਂ ਨੂੰ ਦੁੱਧ, ਸਬਜ਼ੀਆਂ ਤੇ ਹੋਰ ਵਸਤੂਆਂ ਦੀ ਪੂਰਾ ਮੁੱਲ ਨਹੀਂ ਮਿਲ ਰਿਹਾ।

 

ਇਸ ਅੰਦੋਲਨ ਦੇ ਤਹਿਤ ਪੰਜਾਬ ਦੇ ਫਰੀਦਕੋਟ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ  ਅੱਜ ਸਵੇਰੇ 4.30 ਵਜੇ ਤੋਂ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਾਕੇ ਲਾਏ ਗਏ। ਇਸ ਦੌਰਾਨ ਉਨ੍ਹਾਂ ਫਲ ਤੇ ਸਬਜ਼ੀਆਂ ਵਾਲੀਆਂ ਗੱਡੀਆਂ ਨੂੰ ਰੋਕ ਲਿਆ ਤੇ ਮਹਿੰਗੇ ਫਲ-ਸਬਜ਼ੀਆਂ ਸੜਕਾਂ ’ਤੇ ਸੁੱਟ ਦਿੱਤੇ। ਇਸ ਪਿੱਛੋਂ ਕਿਸਾਨਾਂ ਨੇ ਗੱਡੀਆਂ ਨੂੰ ਅੱਗੇ ਵੀ ਨਹੀਂ ਜਾਣ ਦਿੱਤਾ।

ਇਸ ਸਬੰਧੀ ਕਿਸਾਨਾਂ ਤੇ ਆੜਤੀਆਂ ਵਿਚਾਲੇ ਤਣਾਓ ਦੀ ਸਥਿਤੀ ਬਣੀ ਹੋਈ ਹੈ। ਦੋਵੇਂ ਧਿਰ ਇੱਕ ਦੂਜੇ ਨੂੰ ਲਲਕਾਰ ਰਹੇ ਹਨ। ਸਥਿਤੀ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਪੁਲਿਸ ਬਲਾਂ ਨੂੰ ਤਾਇਨਾਤ ਕਰ ਦਿੱਤਾ ਹੈ।

ਦੂਜੇ ਪਾਸੇ ਕਿਸਾਨ ਮੰਡੀਆਂ ਵਿੱਚ ਵੀ ਧਾਵਾ ਬੋਲ ਰਹੇ ਹਨ। ਬਰਨਾਲਾ ਦੀ ਦਾਣਾ ਮੰਡੀ ਵਿੱਚ ਵੀ ਵੱਡੀ ਗਿਣਤੀ ਕਿਸਾਨ ਆਪਣੇ ਟਰੈਕਟਰਾਂ ਸਮੇਤ ਪਹੁੰਚੇ ਸਨ। ਲਗਪਗ 400 ਟਰੈਰਕਟਰਾਂ ਨਾਲ ਦਾਣਾ ਮੰਡੀ ਤੋਂ ਡੀਸੀ ਦਫ਼ਤਰ ਤਕ ਰੋਸ ਮਾਰਚ ਕੱਢਿਆ ਜਾਵੇਗਾ।

ਕਿਸਾਨ ਅੰਦੋਲਨ ਕਰਕੇ ਸਬਜ਼ੀਆਂ ਦੇ ਰੇਟ ਵਧਣ ਦੇ ਡਰੋਂ ਕਿਸਾਨ ਅੱਜ ਤੋਂ ਹੀ ਸਬਜ਼ੀਆਂ ਤੇ ਫਲ ਸਟੋਰ ਕਰ ਕੇ ਰੱਖ ਰਹੇ ਹਨ। ਸ਼ਹਿਰਾਂ ਵਿੱਚ ਫਲ-ਸਬਜ਼ੀਆਂ ਜਤੇ ਦੁੱਧ ਦੀ ਸਪਲਾਈ ਰੋਕੀ ਜਾਵੇਗੀ ਤੇ ਪਿੰਡਾਂ ਵਿੱਚ ਹੀ ਸਟਾਲ ਲਾ ਕੇ ਦੁੱਧ ਤੇ ਸਬਜ਼ੀਆਂ ਵੇਚੀਆਂ ਜਾਣਗੀਆਂ।

ਕਿਸਾਨ ਜਥੇਬੰਦੀਆਂ ਵੱਲੋਂ ਪਹਿਲੀ ਤੋਂ 10 ਜੂਨ ਤਕ ਸਬਜ਼ੀਆਂ ਤੇ ਹੋਰ ਚੀਜ਼ਾਂ ਨੂੰ ਮੰਡੀਆਂ ਵਿੱਚ ਨਾ ਲਿਆਉਣ ਦੀ ਅਪੀਲ ਕੀਤੀ ਗਈ ਹੈ।

ਪੰਜਾਬ ਤੋਂ ਇਲਾਵਾ ਦੇਸ਼ ਭਰ ਵਿੱਚ ਕਿਸਾਨਾਂ ਦੀ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ।