ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਕਾਰਨ ਬੁਖ਼ਲਾਏ ਪਾਕਿਸਤਾਨ ਨੂੰ ਇਸ ਮੁੱਦੇ 'ਤੇ ਪੂਰੀ ਦੁਨੀਆ ਦੀ ਫਿਟਕਾਰ ਦਾ ਸਾਹਮਣਾ ਕਰਨਾ ਪਿਆ ਹੈ। ਕੂਟਨੀਤਕ ਪੱਧਰ 'ਤੇ ਪਾਕਿਸਤਾਨ ਦੇ ਹੱਥ ਕੁਝ ਨਹੀਂ ਲੱਗਾ ਤਾਂ ਹੁਣ ਉਹ ਦੂਜੇ ਹਥਕੰਡੇ ਅਪਣਾਉਣ ਦੀ ਤਾਕ ਵਿੱਚ ਹੈ।
ਖੁਫੀਆ ਸੂਤਰਾਂ ਤੋਂ ਲਸ਼ਕਰ-ਏ-ਤੋਇਬਾ ਦੇ ਸੱਤ ਅੱਤਵਾਦੀਆਂ ਦੇ ਕਸ਼ਮੀਰ ਘਾਟੀ ਦੇ ਬਾਂਦੀਪੁਰਾ ਵਿੱਚ ਲੁਕੇ ਹੋਣ ਦੀ ਖ਼ਬਰ ਮਿਲੀ ਹੈ। ਇਸ ਦੇ ਮੱਦੇਨਜ਼ਰ ਘਾਟੀ ਦੇ ਸਾਰੇ ਸੁਰੱਖਿਆ ਬਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਅੱਤਵਾਦੀ ਆਤਮਘਾਤੀ ਹਮਲੇ ਦੀ ਫਿਰਾਕ ਵਿਚ ਹਨ।
ਦੱਸ ਦੇਈਏ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਅੱਜ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜੰਮੂ ਤੇ ਕਸ਼ਮੀਰ ਦੇ ਕਠੂਆ ਵਿੱਚ ਸਰਹੱਦ ਨਾਲ ਲੱਗਦੇ ਲਖਨਪੁਰ ਵਿੱਚ ਹਥਿਆਰਾਂ ਨਾਲ ਭਰਿਆ ਇੱਕ ਟਰੱਕ ਫੜਿਆ ਗਿਆ ਹੈ। ਹਥਿਆਰਾਂ ਸਮੇਤ ਤਿੰਨ ਸ਼ੱਕੀ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਟਰੱਕ ਪੰਜਾਬ ਤੋਂ ਕਸ਼ਮੀਰ ਘਾਟੀ ਵੱਲ ਜਾ ਰਿਹਾ ਸੀ। ਟਰੱਕ ਵਿੱਚੋਂ ਪੰਜ ਏਕੇ-47 ਰਫ਼ਲਾਂ ਵੀ ਫੜੀਆਂ ਗਈਆਂ ਹਨ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਸੁਰੱਖਿਆ ਬਲ ਬਹੁਤ ਚੌਕਸ ਹਨ। ਖੁਫੀਆ ਏਜੰਸੀਆਂ ਵੱਲੋਂ ਲਗਾਤਾਰ ਕਿਸੇ ਵੱਡੀ ਸਾਜ਼ਿਸ਼ ਦੀ ਜਾਣਕਾਰੀ ਮਿਲ ਰਹੀ ਹੈ।