ਨਵੀਂ ਦਿੱਲੀ: ਰਾਜਧਾਨੀ ਦਿੱਲੀ ਤੇ ਇਸ ਦੇ ਨੇੜਲੇ ਇਲਾਕਿਆਂ ‘ਚ ਵਧਦੇ ਪ੍ਰਦੂਸ਼ਣ ਨਾਲ ਆਮ ਤੇ ਖਾਸ ਸਾਰੇ ਲੋਕ ਪ੍ਰੇਸ਼ਾਨ ਹਨ। ਇਸ ਮਸਲੇ ‘ਤੇ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਬੀਜੇਪੀ ਸਾਂਸਦ ਹੰਸ ਰਾਜ ਹੰਸ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਦੂਸ਼ਣ ਦੀ ਸਮੱਸਿਆ ਨਾਲ ‘ਸੁਰ-ਸੰਗੀਤ’ ‘ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਨੇ ਸਰਕਾਰ ਤੋਂ ਰਾਸ਼ਟਰੀ ਰਾਜਧਾਨੀ ‘ਚ ਰਹਿਣ ਵਾਲੇ ਗਾਇਕਾਂ ਤੇ ਕਲਾਕਾਰਾਂ ਦੇ ‘ਸੁਰ-ਸੰਗੀਤ’ ਦੀ ਰੱਖਿਆ ਕਰਨ ਦੀ ਮੰਗ ਕੀਤੀ ਹੈ।


ਸੰਸਦ ‘ਚ ਜ਼ੀਰੋ ਆਵਰ ਦੌਰਾਨ ਬੀਜੇਪੀ ਸਾਂਸਦ ਨੇ ਕਿਹਾ ਕਿ ਦਿੱਲੀ ‘ਚ ਕਈ ਨਾਮੀ ਕਲਾਕਾਰ ਰਹਿੰਦੇ ਹਨ ਜਿਨ੍ਹਾਂ ਦੇ ਗਲੇ ਖ਼ਰਾਬ ਹਨ। ‘ਰਾਗ ਦਰਬਾਰੀ’ ਲਈ ਮੁਸ਼ਕਲ ਪੈਦਾ ਹੋ ਗਈ ਹੈ। ਇਸ ਦੇ ‘ਸੁਰ ਸੰਗੀਤ’ ਦੇ ਬਚਾਅ ਲਈ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੀ ਸਮੱਸਿਆ ਵੱਲ ਸਭ ਤੋਂ ਧਿਆਨ ਦੇਣਾ ਚਾਹੀਦਾ ਹੈ।

ਜੇਡੀਯੂ ਦੇ ਕੌਸ਼ਲੇਂਦਰ ਕੁਮਾਰ ਨੇ ਕਿਹਾ ਕਿ ਮੌਸਮ ਦੇ ਬਦਲਦੇ ਮਿਜਾਜ਼ ਨੂੰ ਕਿਵੇਂ ਠੀਕ ਕੀਤਾ ਜਾਵੇ, ਇਸ ‘ਤੇ ਸੰਸਦ ਨੂੰ ਚਰਚਾ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਜ਼ੀਰੋ ਆਵਰ ਦੌਰਾਨ ਐਨਸੀਪੀ ਦੀ ਸੁਪ੍ਰਿਆ ਸੁਲੇ ਨੇ ਮਹਾਰਾਸ਼ਟਰ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਮੰਗ ਕੀਤੀ ਤੇ ਜੈਦੇਵ ਗੱਲਾ ਨੇ ਆਂਧਰਾ ਪ੍ਰਦੇਸ਼ ਸਰਕਾਰ ਦੇ ਸ਼ਾਸਨਾਦੇਸ਼ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ‘ਤੇ ਹਮਲਾ ਕੀਤਾ ਜਾ ਰਿਹਾ ਹੈ।