ਸ੍ਰੀਨਗਰ: ਹੁਣ ਕਸ਼ਮੀਰੀ ਪਾਕਿਸਤਾਨ, ਇਰਾਨ, ਤੁਰਕੀ ਤੇ ਮਲੇਸ਼ੀਆ ਦੇ ਟੈਲੀਵਿਜ਼ਨ ਚੈਨਲ ਨਹੀਂ ਵੇਖ ਸਕਣਗੇ। ਭਾਰਤ ਸਰਕਾਰ ਨੇ ਇਨ੍ਹਾਂ ਮੁਲਕਾਂ ਦੇ ਟੈਲੀਵਿਜ਼ਨ ਚੈਨਲਾਂ ਨੂੰ ਬਲਾਕ ਕਰਨ ਦਾ ਫੈਸਲਾ ਕੀਤਾ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ’ਚ ਜੁਆਇੰਟ ਸਕੱਤਰ ਵਿਕਰਮ ਸਹਾਏ ਨੇ ਕੇਬਲ ਅਪਰੇਟਰਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਸਹਾਏ ਨੇ ਹਾਲਾਂਕਿ ਮੀਟਿੰਗ ਬਾਰੇ ਬਹੁਤੀ ਤਫ਼ਸੀਲ ਦੇਣ ਤੋਂ ਨਾਂਹ ਕਰ ਦਿੱਤੀ। ਇਸ ਤੋਂ ਪਹਿਲਾਂ ਸਰਕਾਰ ਨੇ ਪਿਛਲੇ ਸਾਲ ਜੁਲਾਈ ਵਿੱਚ ਕੇਬਲ ਅਪਰੇਟਰਾਂ ਨੂੰ 34 ਚੈਨਲ ਪ੍ਰਸਾਰਿਤ ਕਰਨ ਤੋਂ ਰੋਕਿਆ ਸੀ, ਪਰ ਅਜਿਹੀਆਂ ਰਿਪੋਰਟਾਂ ਹਨ ਕਿ ਇਨ੍ਹਾਂ ਹਦਾਇਤਾਂ ਦਾ ਪਾਲਣ ਨਹੀਂ ਹੋਇਆ।

ਦਰਅਸਲ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਮਗਰੋਂ ਉੱਥੇ ਹਾਲਾਤ ਅਜੇ ਤੱਕ ਸਾਜ਼ਗਾਰ ਨਹੀਂ ਹੋਏ। ਪਾਕਿਸਤਾਨ ਤੋਂ ਇਲਾਵਾ ਕੁਝ ਮੁਲਕਾਂ ਦੇ ਚੈਨਲ ਕਸ਼ਮੀਰੀ ਲੋਕਾਂ ਦੇ ਮੁੱਦੇ ਉਠਾਉਂਦਿਆਂ ਭਾਰਤ ਸਰਕਾਰ ਦੀ ਅਲੋਚਨਾ ਕਰ ਰਹੇ ਹਨ। ਇਸ ਲਈ ਭਾਰਤ ਸਰਕਾਰ ਨੇ ਇਨ੍ਹਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ।