ਜੈਪੁਰ: ਰਾਜਸਥਾਨ ਦੇ ਬੀਕਾਨੇਰ 'ਚ ਸੋਮਵਾਰ ਸਵੇਰੇ ਇੱਕ ਬੱਸ ਤੇ ਟਰੱਕ ਦੀ ਆਪਸ 'ਚ ਟੱਕਰ ਹੋ ਗਈ। ਇਸ ਹਾਦਸੇ '10 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਜ਼ਖਮੀ। ਇਹ ਹਾਦਸਾ ਸ੍ਰੀਦੁੰਗਰਗੜ੍ਹ ਖੇਤਰ 'ਚ ਹੋਇਆ। ਟੱਕਰ ਦੌਰਾਨ ਬੱਸ ਦਾ ਅਗਲਾ ਹਿੱਸਾ ਟਰੱਕ 'ਚ ਵੜ ਗਿਆ ਤੇ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ।


ਸਥਾਨਕ ਲੋਕਾਂ ਨੇ ਜਲਦੀ ਟਿਊਬਵੈੱਲਾਂ ਵਿੱਚੋਂ ਪਾਣੀ ਲਿਆ ਕੇ ਅੱਗ ਬੁਝਾਈ। ਹਾਲਾਂਕਿ, ਇਸ ਸਮੇਂ ਦੌਰਾਨ ਬਹੁਤ ਸਾਰੇ ਯਾਤਰੀ ਬੁਰੀ ਤਰ੍ਹਾਂ ਸੜ ਗਏ। ਜ਼ਖਮੀ ਯਾਤਰੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬੀਕਾਨੇਰ ਤੋਂ ਬੱਸ ਸਵੇਰੇ 6.30 ਵਜੇ ਜੈਪੁਰ ਲਈ ਰਵਾਨਾ ਹੋਈ ਤੇ ਇੱਕ ਘੰਟੇ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਿਸ ਨੇ ਦੱਸਿਆ ਕਿ ਮੁਢਲੀ ਜਾਂਚ 'ਚ ਖੁਲਾਸਾ ਹੋਇਆ ਕਿ ਹਾਦਸਾ ਧੁੰਦ ਕਰਕੇ ਹੋਇਆ।



ਇਸ ਤੋਂ ਇਲਾਵਾ ਬੀਕਾਨੇਰ ਦੇ ਲਖਸਰ ਖੇਤਰ 'ਚ ਐਤਵਾਰ ਸ਼ਾਮ ਨੂੰ ਵੀ ਇੱਕ ਤੇਜ਼ ਰਫਤਾਰ ਕਾਰ ਨੇ ਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਸੜਕ 'ਤੇ ਬੈਠੇ ਲੋਕਾਂ ਨੂੰ ਕੁਚਲ ਦਿੱਤਾ। ਇਸ 'ਚ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਦੋ ਲੜਕੀਆਂ, ਉਨ੍ਹਾਂ ਦੀ ਮਾਂ ਅਤੇ ਨਾਨਾ ਸ਼ਾਮਲ ਹਨ। ਇਸ ਹਾਦਸੇ 'ਚ ਕਾਰ ਚਾਲਕ ਸਣੇ ਤਿੰਨ ਲੋਕ ਜ਼ਖਮੀ ਹੋ ਗਏ ਸੀ।