ਨਵੀਂ ਦਿੱਲੀ: ਅਕਾਲੀ ਦਲ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਖਬੀਰ ਬਾਦਲ ਨੇ ਵੀਰਵਾਰ ਨੂੰ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਇਸ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਬਾਬਤ ਉਨ੍ਹਾਂ ਅਕਾਲੀ ਦਲ ਦੇ ਵਫ਼ਦ ਨਾਲ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਕੀਤੀ।

ਸੁਖਬੀਰ ਬਾਦਲ ਨੇ ਕਿਹਾ ਕਿ 1984 ਸਮੇਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਜੋ ਗਾਂਧੀ ਪਰਿਵਾਰ ਨੇ ਕਰਵਾਇਆ ਸੀ। ਜਦੋ ਫ਼ੌਜ ਨੇ ਹਮਲਾ ਕੀਤਾ ਤਾਂ ਉਸ ਸਮੇਂ ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਲਾਇਬ੍ਰੇਰੀ ਵੀ ਫ਼ੌਜ ਆਪਣੇ ਨਾਲ ਹੀ ਲੈ ਗਈ ਸੀ। ਸੁਖਬੀਰ ਨੇ ਮੰਗ ਕੀਤੀ ਕਿ ਇਸ ਲਾਇਬ੍ਰੇਰੀ ਨੂੰ ਵਾਪਸ ਕੀਤਾ ਜਾਵੇ।

ਬਾਦਲ ਨੇ ਸ਼ਾਹ ਤੋਂ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਧਰਮੀ ਫ਼ੌਜੀਆਂ ਨੇ ਸਾਕਾ ਨੀਲਾ ਤਾਰਾ ਮਗਰੋਂ ਭਾਵਨਾਵਾਂ 'ਚ ਵਹਿ ਕੇ ਨੌਕਰੀਆਂ ਛੱਡ ਦਿੱਤੀਆਂ ਸੀ, ਉਨ੍ਹਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਦਿੱਤੀ ਜਾਵੇ। ਸੁਖਬੀਰ ਨੇ ਕਿਹਾ ਕਿ ਉਨ੍ਹਾਂ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬਧੀ ਗੁਰੂ ਜੀ ਦੇ ਜਨਮ ਸਥਾਨ ਤਕ ਨਗਰ ਕੀਰਤਨ ਲਿਜਾਣ ਲਈ ਪਾਕਿਸਤਾਨ ਨਾਲ ਗੱਲਬਾਤ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਬੰਧੀ ਸਮਾਗਮ ਹੁਣੇ ਤੋਂ ਹੀ ਸ਼ੁਰੂ ਕਰ ਦੇਣੇ ਚਾਹੀਦੇ ਹਨ।