ਨਵੀਂ ਦਿੱਲੀ: ਜੇ ਤੁਸੀਂ ਵੀ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਗੱਡੀ ਚਲਾਉਂਦੇ ਹੋ, ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਹੁਣ ਤੁਹਾਨੂੰ ਗੱਡੀ ਚਲਾਉਂਦੇ ਸਮੇਂ ਡਰਾਈਵਿੰਗ ਲਾਇਸੈਂਸ ਤੇ ਆਰਸੀ ਦੀ ਹਾਰਡ ਕਾਪੀ ਰੱਖਣ ਦੀ ਜ਼ਰੂਰਤ ਨਹੀਂ ਹੋਏਗੀ। ਦਰਅਸਲ, ਦਿੱਲੀ ਸਰਕਾਰ ਨੇ ਦਸਤਾਵੇਜ਼ਾਂ ਨੂੰ ਡਿਜੀਟਲ ਰੂਪ ਵਿੱਚ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਭਾਵ ਜੇ ਤੁਸੀਂ ਆਪਣੇ ਦਸਤਾਵੇਜ਼ ਟ੍ਰੈਫਿਕ ਪੁਲਿਸ ਨੂੰ ਡਿਜੀਟਲ ਰੂਪ ਵਿੱਚ ਦਿਖਾਉਂਦੇ ਹੋ, ਤਾਂ ਪੁਲਿਸ ਤੁਹਾਨੂੰ ਨਹੀਂ ਰੋਕੇਗੀ।


ਪੁਲਿਸ ਨਹੀਂ ਕਰ ਸਕੇਗੀ ਜ਼ਬਰਦਸਤੀ


ਸਰਕਾਰ ਅਨੁਸਾਰ, ਹੁਣ ਜਦੋਂ ਤੁਸੀਂ ਆਪਣੇ ਦਸਤਾਵੇਜ਼ ਡਿਜੀਲੌਕਰ ਤੇ ਐਮ-ਪਰਿਵਾਹਨ ਵਿੱਚ ਦਿਖਾਉਂਦੇ ਹੋ, ਟ੍ਰੈਫਿਕ ਪੁਲਿਸ ਤੁਹਾਨੂੰ ਤੁਹਾਡੇ ਡਰਾਈਵਿੰਗ ਲਾਇਸੈਂਸ ਜਾਂ ਵਾਹਨ ਦੀ ਆਰਸੀ ਦੀ ਹਾਰਡ ਕਾਪੀ ਦਿਖਾਉਣ ਲਈ ਮਜਬੂਰ ਨਹੀਂ ਕਰ ਸਕਦੀ। ਟਰਾਂਸਪੋਰਟ ਵਿਭਾਗ ਨੇ ਇਸ ਸਬੰਧੀ ਨੋਟਿਸ ਜਾਰੀ ਕੀਤਾ ਹੈ।


ਨੋਟਿਸ ਵਿੱਚ ਕਿਹਾ ਗਿਆ ਹੈ ਕਿ ਡਿਜੀਲੌਕਰ ਜਾਂ ਐਮ-ਪਰਿਵਾਹਨ ਮੋਬਾਈਲ ਐਪ 'ਤੇ ਡਿਜੀਟਲ ਰੂਪ ਤੋਂ ਪ੍ਰਦਰਸ਼ਿਤ ਡ੍ਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਮੋਟਰ ਵਾਹਨ ਐਕਟ, 1988 ਦੇ ਅਧੀਨ ਮਨਜ਼ੂਰਸ਼ੁਦਾ ਦਸਤਾਵੇਜ਼ ਹਨ। ਇਹ ਟ੍ਰਾਂਸਪੋਰਟ ਵਿਭਾਗ ਦੁਆਰਾ ਜਾਰੀ ਸਰਟੀਫਿਕੇਟ ਦੇ ਸਮਾਨ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਹਨ।


ਅਸਲ ਦਸਤਾਵੇਜ਼ਾਂ ਵਾਂਗ ਹੀ ਜਾਇਜ਼


ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਟ੍ਰੈਫਿਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਦੀ ਇਨਫੋਰਸਮੈਂਟ ਬ੍ਰਾਂਚ ਡਿਜੀਲੌਕਰ ਅਤੇ ਐਮ-ਪਰਿਵਾਹਨ ਐਪ ਵਿੱਚ ਪ੍ਰਦਰਸ਼ਿਤ ਹੋਣ ਤੇ ਡਰਾਈਵਿੰਗ ਲਾਇਸੈਂਸ ਅਤੇ ਆਰਸੀ ਦੇ ਇਲੈਕਟ੍ਰੌਨਿਕ ਰੂਪ ਨੂੰ ਵੈਧ ਮੰਨਦੀ ਹੈ। ਡਿਜੀਲੌਕਰ ਜਾਂ ਐਮ-ਪਰਿਵਾਹਨ 'ਤੇ ਉਪਲਬਧ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਇਲੈਕਟ੍ਰੌਨਿਕ ਰਿਕਾਰਡਾਂ ਨੂੰ ਵੀ ਸੂਚਨਾ ਤਕਨਾਲੋਜੀ ਐਕਟ, 2000 ਦੀਆਂ ਵਿਵਸਥਾਵਾਂ ਦੇ ਅਨੁਸਾਰ ਅਸਲ ਦਸਤਾਵੇਜ਼ਾਂ ਵਜੋਂ ਮਾਨਤਾ ਪ੍ਰਾਪਤ ਹੈ।


ਸਿਰਫ਼ ਇਹੋ ਦੋ ਐਪਸ ਹਨ ਮਾਨਤਾ ਪ੍ਰਾਪਤ


ਅਜਿਹੇ ਦਸਤਾਵੇਜ਼ਾਂ ਨੂੰ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਐਪਸ ਜਿਵੇਂ ਡਿਜੀਲੌਕਰ ਜਾਂ ਐਮ-ਪਰਿਵਾਹਨ ਐਪ ਵਿੱਚ ਰੱਖਣਾ ਸੁਰੱਖਿਅਤ ਅਤੇ ਪ੍ਰਮਾਣਿਕ ਮੰਨਿਆ ਜਾਂਦਾ ਹੈ, ਪਰ ਉਨ੍ਹਾਂ ਨੂੰ ਡਿਜੀਟਲ ਰੂਪ ਵਿੱਚ ਸਟੋਰ ਕਰਨ ਲਈ ਵਰਤੀਆਂ ਜਾਣ ਵਾਲੀਆਂ ਹੋਰ ਐਪਸ ਨੂੰ ਅਸਲ ਦਸਤਾਵੇਜ਼ਾਂ ਵਜੋਂ ਮਾਨਤਾ ਪ੍ਰਾਪਤ ਨਹੀਂ।