ਮੋਬਾਈਲ ਮਗਰੋਂ ਹੁਣ ਫਿਕਸਡ ਬ੍ਰਾਡਬੈਂਡ 'ਚ ਵੱਡਾ ਧਮਾਕਾ ਕਰੇਗਾ ਜੀਓ
ਏਬੀਪੀ ਸਾਂਝਾ | 25 Oct 2018 05:43 PM (IST)
ਨਵੀਂ ਦਿੱਲੀ: ਮੋਬਾਈਲ 'ਤੇ ਇੰਟਰਨੈੱਟ ਸੁਵਿਧਾਵਾਂ ਦੀ ਵਰਤੋਂ ਵਿੱਚ ਭਾਰਤ ਨੂੰ ਨੰਬਰ ਇੱਕ ਦੇਸ਼ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਕੰਪਨੀ ਰਿਲਾਇੰਸ ਜੀਓ ਹੁਣ ਹੋਰ ਧਮਾਕਾ ਕਰਨ ਵਾਲੀ ਹੈ। ਕੰਪਨੀ ਦੇ ਮਾਲਕ ਮੁਕੇਸ਼ ਅੰਬਾਨੀ ਨੇ ਦਾਅਵਾ ਕੀਤਾ ਹੈ ਕਿ ਜੀਓ ਫਾਈਬਰ ਆਧਾਰਤ ਬ੍ਰੌਡਬੈਂਡ ਨਾਲ ਦੇਸ਼ ਫਿਕਸਡ ਲਾਈਨ ਬ੍ਰੌਡਬੈਂਡ ਡੇਟਾ ਦੀ ਵਰਤੋਂ ਕਰਨ ਵਾਲੇ ਸਿਖਰਲੇ ਤਿੰਨ ਦੇਸ਼ਾਂ ਵਿੱਚ ਸ਼ਾਮਲ ਹੋ ਸਕਦਾ ਹੈ। ਇਸ ਸਮੇਂ ਭਾਰਤ 135ਵੇਂ ਸਥਾਨ 'ਤੇ ਹੈ। ਅੰਬਾਨੀ ਨੇ ਇੰਡੀਆ ਮੋਬਾਈਲ ਕਾਂਗਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਜੀਓਗੀਗਾਫਾਈਬਰ ਫਿਕਸਡ ਲਾਈਨ ਬ੍ਰੌਡਬੈਂਚ ਤੇ ਮੋਬਾਈਲ ਡੇਟਾ ਤਕਨਾਲੋਜੀ ਦੇ ਸੁਮੇਲ ਵਾਲੀ ਸੁਵਿਧਾ ਉਪਲਬਧ ਕਰਵਾਏਗਾ। ਇਸ ਦੌਰਾਨ ਭਾਰਤੀਆਂ ਨੂੰ ਘਰ ਤੋਂ ਬਾਹਰ ਜਾਣ 'ਤੇ 4ਜੀ ਤੇ 5ਜੀ ਤਕਨੀਕ ਦਾ ਲਾਭ ਮਿਲੇਗਾ ਤੇ ਘਰ ਵਿੱਚ ਰਹਿਣ 'ਤੇ ਵਾਈਫਾਈ ਦੀ ਸੁਵਿਧਾ ਮਿਲੇਗੀ। ਹਰ ਥਾਂ ਨੂੰ ਉੱਚ ਗੁਣਵੱਤਾ ਵਾਲੇ ਨੈੱਟਵਰਕ ਨਾਲ ਜੋੜਨ ਦੇ ਟੀਚਾ ਦਾ ਪ੍ਰਗਟਾਵਾ ਕਰਦਿਆਂ ਅੰਬਾਨੀ ਨੇ ਕਿਹਾ ਕਿ ਮੋਬਾਈਲ ਡੇਟਾ ਵਰਤੋਂ ਦੇ ਖੇਤਰ ਵਿੱਚ ਮਿਲੀ ਸਫ਼ਲਤਾ ਤੋਂ ਬਾਅਦ ਹੁਣ ਫਿਕਸਡ ਬ੍ਰਾਡਬੈਂਡ ਦੇ ਖੇਤਰ ਵਿੱਚ ਵੀ ਦੁਹਰਾਉਣ ਦੇ ਮੌਕੇ ਹਨ। ਸਾਲ 2016 ਵਿੱਚ ਬੇਹੱਦ ਘੱਟ ਦਰਾਂ 'ਤੇ ਮੋਬਾਈਲ ਡੇਟਾ ਨਾਲ ਮੁਫ਼ਤ ਫ਼ੋਨ ਕਾਲ ਤੇ ਐਸਐਮਐਸ ਸੁਵਿਧਾ ਦੀ ਪੇਸ਼ਕਸ਼ ਕਰ ਕੇ ਜੀਓ ਨੇ ਧਮਾਕਾ ਕਰ ਦਿੱਤਾ ਸੀ ਤੇ ਹੁਣ ਜੀਓਗੀਗਾਫਾਈਬਰ ਫਿਕਸਡ ਲਾਈਨ ਬ੍ਰਾਡਬੈਂਡ ਵੀ ਤਰਥੱਲੀ ਮਚਾ ਦੇਵੇਗੀ।