ਮੁੰਬਈ: ਦੇਸ਼ ਦੇ ਸਭ ਤੋਂ ਵੱਡੇ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੇ ਬੰਗਲੇ ‘ਐਂਟੀਲੀਆ’ ਤੋਂ ਮਸਾਂ 500 ਕੁ ਮੀਟਰ ਦੀ ਦੂਰੀ ’ਤੇ ਸਕੌਰਪੀਓ ਗੱਡੀ ਵਿੱਚੋਂ ਧਮਾਕਾਖ਼ੇਜ਼ ਸਮੱਗਰੀ ਬਰਾਮਦ ਹੋਣ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਅਹਿਮ ਗੱਲ ਹੈ ਕਿ ਕਾਰ ਵਿੱਚੋਂ ਇੱਕ ਚਿੱਠੀ ਮਿਲੀ ਹੈ ਜਿਸ ਵਿੱਚ ਅੰਬਾਨੀ ਪਰਿਵਾਰ ਨੂੰ ਵਿਸਫੋਟ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।


ਪੁਲਿਸ ਅਨੁਸਾਰ ਪਿਛਲੇ 12 ਘੰਟਿਆਂ ਤੋਂ ਖੜ੍ਹੀ ਉਸ ਗੱਡੀ ਵਿੱਚ ਵਿਸਫੋਟਕ ਪਦਾਰਥ ਜਿਲੇਟਿਨ ਦੀਆਂ 21 ਛੜਾਂ ਬਰਾਮਦ ਹੋਈਆਂ ਹਨ। ਇਨ੍ਹਾਂ ਛੜਾਂ ਨਾਲ ਵੱਡਾ ਧਮਾਕਾ ਹੋ ਸਕਦਾ ਸੀ। ਇਸ ਮਗਰੋਂ ਸਮੁੱਚੇ ਮਹਾਂਨਗਰ ਮੁੰਬਈ ’ਚ ‘ਹਾਈ ਅਲਰਟ’ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਤਫ਼ਤੀਸ਼ ਜਾਰੀ ਹੈ। ਪੁਲਿਸ ਸੂਹੀਆ ਕੁੱਤਿਆਂ ਦੀ ਮਦਦ ਨਾਲ ਹੁਣ ਸ਼ੱਕੀ ਵਿਅਕਤੀ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ।


ਅਹਿਮ ਗੱਲ ਹੈ ਕਿ ਉਸ ਕਾਰ ਉੱਤੇ ਜਿਹੜੀ ਨੰਬਰ ਪਲੇਟ ਲੱਗੀ ਹੋਈ ਹੈ, ਉਹ ਮੁਕੇਸ਼ ਅੰਬਾਨੀ ਦੀ ਆਪਣੇ ਸੁਰੱਖਿਆ ਅਮਲੇ ਦੀ ਇੱਕ ਕਾਰ ਦਾ ਹੀ ਨੰਬਰ ਹੈ ਤੇ ਉਹ ਗੱਡੀ ‘ਰਿਲਾਇੰਸ ਇੰਡਸਟ੍ਰੀਜ਼’ ਦੇ ਨਾਂ ਉੱਤੇ ਰਜਿਸਟਰਡ ਹੈ। ਪੁਲਿਸ ਨੂੰ ਜਾਂਚ ਦੌਰਾਨ ਉਸ ਕਾਰ ਵਿੱਚੋਂ ਹੋਰ ਵੀ ਕਈ ਨੰਬਰ ਪਲੇਟਾਂ ਮਿਲੀਆਂ ਹਨ ਤੇ ਉਹ ਸਾਰੀਆਂ ਹੀ ਮੁਕੇਸ਼ ਅੰਬਾਨੀ ਦੀਆਂ ਕਾਰਾਂ ਦੇ ਹੀ ਨਬੰਰ ਹਨ।


ਹੁਣ ਪੁਲਿਸ ਕੋਲ ਇਹ ਵੀ ਵੱਡਾ ਸੁਆਲ ਹੈ ਕਿ ਆਖ਼ਰ ਉਹ ਕੌਣ ਵਿਅਕਤੀ ਹਨ, ਜਿਨ੍ਹਾਂ ਨੇ ਮੁਕੇਸ਼ ਅੰਬਾਨੀ ਦੀਆਂ ਗੱਡੀਆਂ ਦੀਆਂ ਡੁਪਲੀਕੇਟ ਨੰਬਰ ਪਲੇਟਾਂ ਬਣਵਾਈਆਂ ਹਨ? ਇਸ ਕਾਰ ’ਚੋਂ ਧਮਾਕਾਖ਼ੇਜ਼ ਸਮੱਗਰੀ ਤੇ ਜਾਅਲੀ ਨੰਬਰ ਪਲੇਟਾਂ ਦੇ ਮਿਲਣ ਤੋਂ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਦੀ ਸਹਿਜੇ ਹੀ ਸਮਝ ਆਉਂਦੀ ਹੈ।


‘ਏਬੀਪੀ ਨਿਊਜ਼’ ਨੂੰ ਮਿਲੀ ਸੀਸੀਟੀਵੀ ਫ਼ੁਟੇਜ ਮੁਤਾਬਕ ਮੁਲਜ਼ਮ ਨੇ ਸਕੌਰਪੀਓ ਗੱਡੀ 24 ਤੇ 25 ਫ਼ਰਵਰੀ ਦੀ ਰਾਤ ਨੂੰ 1:00 ਵਜੇ ਖੜ੍ਹੀ ਕੀਤੀ ਸੀ ਤੇ ਉਹ 3-4 ਘੰਟੇ ਉਸ ਕਾਰ ’ਚੋਂ ਉੱਤਰਿਆ ਵੀ ਨਹੀਂ ਸੀ। ਬੁੱਧਵਾਰ ਦੁਪਹਿਰ 3:00 ਵਜੇ ਤੋਂ ਬਾਅਦ ਇਸ ਕਾਰ ਦੀ ਜਾਂਚ ਸ਼ੁਰੂ ਹੋਈ।


ਇਸ ਕਾਰ ਵਿੱਚੋਂ ਟੁੱਟੀ-ਫੁੱਟੀ ਅੰਗਰੇਜ਼ੀ ਵਿੱਚ ਲਿਖੀ ਇੱਕ ਚਿੱਠੀ ਵੀ ਲਿਖੀ ਹੈ, ਜਿਸ ਦਾ ਧਮਕੀਨੁਮਾ ਜਿਹਾ ਮਤਲਬ ਨਿੱਕਲਦਾ ਹੈ ਕਿ ‘ਦੇਖ ਲਵਾਂਗੇ।’ ਮਾਹਿਰਾਂ ਮੁਤਾਬਕ ਜੇ ਕਿਤੇ ਉਸ ਵਿਸਫ਼ੋਟਕ ਸਮੱਗਰੀ ਵਿੱਚ ਧਮਾਕਾ ਹੋ ਜਾਂਦਾ, ਤਾਂ ਸਕੌਰਪੀਓ ਗੱਡੀ ਦੇ ਪਰਖੱਚੇ ਉੱਡ ਜਾਣੇ ਸਨ। ਪੁਲਿਸ ਦੀਆਂ 10 ਟੀਮਾਂ ਇਸ ਸੰਗੀਨ ਮਾਮਲੇ ਦੀ ਜਾਂਚ ਕਰ ਰਹੀਆਂ ਹਨ।