Mulayam Singh Yadav Health : ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ (Medanta Hospital) 'ਚ ਭਰਤੀ ਸਪਾ ਸਰਪ੍ਰਸਤ ਮੁਲਾਇਮ ਸਿੰਘ ਯਾਦਵ (Mulayam Singh Yadav) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਸਪਤਾਲ ਨੇ ਅੱਜ ਹੈਲਥ ਬੁਲੇਟਿਨ (Health Bulletin) ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤੀ। ਮੇਦਾਂਤਾ ਹਸਪਤਾਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਲਾਜ ਆਈਸੀਯੂ ਵਿੱਚ ਕੀਤਾ ਜਾ ਰਿਹਾ ਹੈ। ਉਹ ਅਜੇ ਵੀ ਮਾਹਿਰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਹਨ।



ਨੇਤਾਵਾਂ ਦਾ ਹਸਪਤਾਲ ਆਉਣ ਦਾ ਸਿਲਸਿਲਾ ਜਾਰੀ

ਮੁਲਾਇਮ ਸਿੰਘ ਯਾਦਵ ਪਿਛਲੇ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਦਾਖਲ ਹਨ ਪਰ ਆਕਸੀਜਨ ਦਾ ਪੱਧਰ ਡਿੱਗਣ ਅਤੇ ਬਲੱਡ ਪ੍ਰੈਸ਼ਰ ਵਧਣ ਕਾਰਨ ਐਤਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਜਿਸ ਤੋਂ ਬਾਅਦ ਬੇਟਾ ਅਖਿਲੇਸ਼ ਯਾਦਵ ਅਤੇ ਨੂੰਹ ਡਿੰਪਲ ਯਾਦਵ ਜਲਦਬਾਜ਼ੀ 'ਚ ਲਖਨਊ ਤੋਂ ਦਿੱਲੀ ਆ ਗਏ ਸੀ। ਮੁਲਾਇਮ ਸਿੰਘ ਦੀ ਸਿਹਤ ਪਿਛਲੇ ਪੰਜ ਦਿਨਾਂ ਤੋਂ ਪਹਿਲਾਂ ਵਾਂਗ ਹੀ ਬਣੀ ਹੋਈ ਹੈ। ਹਸਪਤਾਲ 'ਚ ਸਪਾ ਦੇ ਵੱਡੇ ਨੇਤਾਵਾਂ ਤੋਂ ਇਲਾਵਾ ਪਾਰਟੀ ਵਰਕਰਾਂ ਦੀ ਆਮਦ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਤੋਂ ਇਲਾਵਾ ਵਿਰੋਧੀ ਪਾਰਟੀ ਦੇ ਨੇਤਾ ਅਤੇ ਰਿਸ਼ਤੇਦਾਰ ਵੀ ਉਨ੍ਹਾਂ ਦ ਹਾਲ ਚਾਲ ਪੁੱਛਣ ਮੇਦਾਂਤਾ ਹਸਪਤਾਲ ਪਹੁੰਚ ਰਹੇ ਹਨ।

 



ਅੱਜ ਸਪਾ ਸਾਂਸਦ ਐਸਟੀ ਹਸਨ ਨੇ ਵੀ ਮੇਦਾਂਤਾ ਹਸਪਤਾਲ ਦਾ ਦੌਰਾ ਕੀਤਾ ਅਤੇ ਪੱਤਰਕਾਰਾਂ ਨੂੰ ਕਿਹਾ ਕਿ ਮੁਲਾਇਮ ਸਿੰਘ ਯਾਦਵ ਨੂੰ ਇਸ ਸਮੇਂ ਦੁਆਵਾਂ ਦੀ ਸਖ਼ਤ ਲੋੜ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਵੀ ਹਸਪਤਾਲ ਦਾ ਦੌਰਾ ਕੀਤਾ ਹੈ। ਇਸ ਤੋਂ ਇਲਾਵਾ ਸੀਐਮ ਯੋਗੀ ਆਦਿਤਿਆਨਾਥ, ਪੀਐਮ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਖਿਲੇਸ਼ ਯਾਦਵ ਨਾਲ ਫੋਨ 'ਤੇ ਗੱਲ ਕੀਤੀ ਅਤੇ ਮੁਲਾਇਮ ਸਿੰਘ ਦਾ ਹਾਲ ਚਾਲ ਪੁੱਛਿਆ। ਇਸ ਦੇ ਨਾਲ ਹੀ ਅੱਜ ਹਸਪਤਾਲ ਤੋਂ ਇਕ ਭਾਵੁਕ ਤਸਵੀਰ ਸਾਹਮਣੇ ਆਈ ਹੈ। ਅੱਜ ਕਈ ਸਪਾ ਵਰਕਰ ਹਸਪਤਾਲ ਪੁੱਜੇ ਹੋਏ ਸਨ। ਉਹ ਅਖਿਲੇਸ਼ ਯਾਦਵ ਨੂੰ ਦੇਖ ਕੇ ਰੋਣ ਲੱਗ ਪਏ। ਉਨ੍ਹਾਂ ਨੇ ਭਾਵੁਕ ਲਹਿਜੇ ਵਿਚ ਕਿਹਾ, 'ਭਈਆ ਬਾਬੂ ਜੀ ਨੂੰ ਬਚਾ ਲਓ'।