ਮੁੰਬਈ: ਅਜਿਹਾ ਬੇਹੱਦ ਹੀ ਘੱਟ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਦੇ ਵਿਆਹ ਵਾਲੇ ਦਿਨ ਹੀ ਪੁਲਿਸ ਉਸ ਨੂੰ ਵਿਆਹ ਦੇ ਮੰਡਪ 'ਚੋਂ ਚੁੱਕ ਕੇ ਲੈ ਗਈ ਹੋਵੇ। ਜਦੋਂ ਵੀ ਅਜਿਹਾ ਕੁਝ ਦੇਖਿਆ ਹੈ ਤਾਂ ਫ਼ਿਲਮਾਂ ‘ਚ ਹੀ ਦੇਖਿਆ ਹੈ। ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਅਜਿਹੀ ਘਟਨਾ ਮੁੰਬਈ ‘ਚ ਹੋਈ ਹੈ। ਇੱਕ ਔਰਤ ਨੇ ਦੁਲ੍ਹੇ ਤੇ ਉਸ ਦੇ ਸਾਥੀਆਂ ‘ਤੇ ਮੋਬਾਈਲ ਚੋਰੀ ਦਾ ਇਲਜ਼ਾਮ ਲਾਇਆ ਸੀ।
ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਇਲਾਕੇ ‘ਚ ਲੱਗੇ ਸੀਸੀਟੀਵੀ ਦੇਖ ਰਹੀ ਸੀ, ਜਿਸ ‘ਚ ਮੋਬਾਈਲ ਖੋਹ ਰਹੇ ਵਿਅਕਤੀ ਦੀ ਗੱਡੀ ਦਾ ਨੰਬਰ ਆ ਗਿਆ। ਪੁਲਿਸ ਨੇ ਨੰਬਰ ਪਲੇਟ ਦੇ ਅਧਾਰ ‘ਤੇ ਛਾਣਬੀਨ ਸ਼ੁਰੂ ਕੀਤੀ ਤਾਂ ਕਾਫੀ ਕੁਝ ਪਤਾ ਲੱਗ ਗਿਆ। ਇਸ ਤੋਂ ਬਾਅਦ ਅਜੈ ਸੁਨੀਲ ਧੋਤੇ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਮੁਤਾਬਕ ਅਜੈ ਤੇ ਉਸ ਦੇ ਸਾਥੀ ਅਫਤਾਲ ਮਿਰਜ਼ਾ ਨੇ ਇੱਕ ਦਿਨ ਪਹਿਲਾਂ ਹੀ ਕਿਸੇ ਔਰਤ ਦਾ ਫੋਨ ਖੋਹਿਆ ਸੀ। ਇਸ ਤੋਂ ਬਾਅਦ ਦੋਵਾਂ ਖਿਲਾਫ ਧਾਰਾ 392 ਤੇ 34 ਏ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦਾ ਅਜੈ ਨੂੰ ਇਸ ਤਰ੍ਹਾਂ ਮੰਡਪ ਵਿੱਚੋਂ ਲੈ ਕੇ ਜਾਣਾ ਸਭ ਮਹਿਮਾਨਾਂ ਨੂੰ ਹੈਰਾਨ ਕਰ ਗਿਆ।
ਉਂਝ ਪੁਲਿਸ ਅਜੈ ਦੀ ਭਾਲ ਹੋਰ ਵੀ ਕਈ ਮਾਮਲਿਆਂ ‘ਚ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਅਜੈ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ। ਦੋਵੇਂ ਮਿਲ ਕੇ ਪਹਿਲੇ ਨੇੜਲੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਦੇ ਸੀ ਤੇ ਫੇਰ ਫੋਨ ਖੋਹ ਕੇ ਭੱਜ ਜਾਂਦੇ ਸੀ।