ਸ੍ਰੀਨਗਰ: ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਬੀਤੀ ਰਾਤ ਸ੍ਰੀਨਗਰ ਵਿੱਚ ਇਸ ਰੁੱਤ ਦੀ ਸਭ ਤੋਂ ਠੰਢੀ ਰਾਤ ਵਜੋਂ ਦਰਜ ਕੀਤਾ ਗਿਆ। ਦੇਸੀ ਮਹੀਨੇ ਮੱਘਰ ਦੇ ਮੱਧ ਅਤੇ ਅੰਗ੍ਰੇਜ਼ੀ ਮਹੀਨੇ ਦਸੰਬਰ ਦੀ ਸ਼ੁਰੂਆਤ ਵਿੱਚ ਹੀ ਘਾਟੀ ਵਿੱਚ ਪਾਰਾ ਸਿਫ਼ਰ ਤੋਂ ਵੀ ਦੋ ਦਰਜੇ ਹੇਠਾਂ ਚਲਾ ਗਿਆ।


ਮੌਸਮ ਵਿਭਾਗ ਨੇ ਦੱਸਿਆ ਕਿ ਸ਼੍ਰੀਨਗਰ ਨੇ ਇਸ ਰੁੱਤ ਦੀ ਸਭ ਤੋਂ ਠੰਢੀ ਰਾਤ (-2.4 ਡਿਗਰੀ) ਬਿਤਾਈ। ਇਸ ਦੇ ਨਾਲ ਹੀ ਪਹਿਲਗਾਮ ਵਿੱਚ ਤਾਪਮਾਨ -5.1 ਡਿਗਰੀ ਅਤੇ ਗੁਲਮਰਗ ਵਿੱਚ -3.1 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ ਹੈ।

ਇਸੇ ਦਿਨ ਲੇਹ ਦਾ ਤਾਪਮਾਨ -9.3 ਡਿਗਰੀ ਅਤੇ ਕਾਰਗਿਲ ਵਿੱਚ -9.0 ਡਿਗਰੀ ਸੈਂਟੀਗ੍ਰੇਟ ਹੀ ਰਹਿ ਗਿਆ। ਸੂਬੇ ਦੇ ਹੋਰ ਸ਼ਹਿਰ ਜਿਵੇਂ ਜੰਮੂ, ਕਟੜਾ, ਬਟੋਟੇ, ਬਨੀਹਾਲ ਆਦਿ ਪਾਰਾ ਸਿਫ਼ਰ ਤੋਂ ਉੱਪਰ ਰਿਹਾ। ਪਰ ਠੰਢ ਇੱਥੇ ਵੀ ਜ਼ਬਰਦਸਤ ਪੈ ਰਹੀ ਹੈ। ਘਾਟੀ ਵਿੱਚ ਤਾਪਮਾਨ ਡਿੱਗਣ ਨਾਲ ਮੈਦਾਨਾਂ ਵਿੱਚ ਵੀ ਠੰਢ ਵਧਣ ਦੇ ਆਸਾਰ ਹਨ।