ਕਲਬੁਰਗੀ- ਕਰਨਾਟਕ ਦੇ ਇੱਕ ਸਟੇਸ਼ਨ ‘ਤੇ ਟਰੇਨ ਇੰਜਣ ਬਿਨਾਂ ਡਰਾਈਵਰ ਦੇ ਦੌੜ ਗਿਆ। ਇੰਜਣ ਨੂੰ ਜਾਂਦਾ ਦੇਖ ਕੇ ਸਟੇਸ਼ਨ ਮੈਨੇਜਰ ਤੇ ਡਰਾਈਵਰ ਮੋਟਰ ਸਾਈਕਲ ਉਤੇ ਉਸ ਨੂੰ ਰੋਕਣ ਚੱਲ ਪਏ। 13 ਕਿਲੋਮੀਟਰ ਇੰਜਣ ਦੇ ਪਿੱਛੇ-ਪਿੱਛੇ ਮੋਟਰ ਸਾਈਕਲ ਦੌੜਾ ਕੇ ਫਿਲਮੀ ਅੰਦਾਜ਼ ਵਿੱਚ ਰੋਕ ਲਿਆ। ਚੇਨਈ ਤੋਂ ਮੁੰਬਈ ਜਾਣ ਵਾਲੀ ਮੁੰਬਈ ਮੇਲ ਬੁੱਧਵਾਰ ਦੁਪਹਿਰ ਤਿੰਨ ਵਜੇ ਕਲਬੁਰਗੀ ਦੇ ਵਾਡੀ ਸਟੇਸ਼ਨ ਉੱਤੇ ਪਹੁੰਚੀ ਸੀ। ਇਥੋਂ ਰੇਲਵੇ ਦੀ ਇਲੈਕਟਿ੍ਰਕ ਲਾਈਨ ਖਤਮ ਹੋ ਜਾਂਦੀ ਹੈ। ਅੱਗੇ ਸ਼ੋਲਾਪੁਰ ਤੱਕ ਜਾਣ ਲਈ ਟ੍ਰੇਨ ਨੂੰ ਡੀਜ਼ਲ ਇੰਜਣ ਲਾਇਆ ਜਾਣਾ ਸੀ। ਇਲੈਕਟਿ੍ਰਕ ਇੰਜਣ ਨੂੰ ਟਰੇਨ ਨਾਲੋਂ ਅਲੱਗ ਕੀਤਾ ਗਿਆ। ਬੋਗੀਆਂ ਨੂੰ ਡੀਜ਼ਲ ਇੰਜਣ ਨਾਲ ਜੋੜ ਕੇ ਟ੍ਰੇਨ ਰਵਾਨਾ ਕਰ ਦਿੱਤੀ ਗਈ। ਇਧਰ ਇਲੈਕਟਿ੍ਰਕ ਇੰਜਣ ਨੂੰ ਲੋਕੋ ਪਾਇਲਟ ਮੇਨ ਟ੍ਰੈਕ ਤੋਂ ਹਟਾ ਕੇ ਦੂਸਰੇ ਟ੍ਰੈਕ ਉੱਤੇ ਲੈ ਗਿਆ, ਪਰ ਇੰਜਣ ਨੂੰ ਚਾਲੂ ਛੱਡ ਜਦੋਂ ਪਾਇਲਟ ਬਾਹਰ ਆਇਆ ਤਾਂ ਇੰਜਣ ਚੱਲ ਪਿਆ। ਉਸ ਨੂੰ ਜਾਂਦਾ ਦੇਖ ਕੇ ਵਾਡੀ ਸਟੇਸ਼ਨ ਉੱਤੇ ਭਾਜੜ ਮਚ ਗਈ ਅਤੇ ਨੇੜਲੇ ਸਾਰੇ ਸਟੇਸ਼ਨਾਂ ਨੂੰ ਸੂਚਨਾ ਦੇ ਕੇ ਅੱਗੇ ਟ੍ਰੈਕ ਖਾਲੀ ਕਰਾਏ ਗਏ। ਇੰਜਣ ਦੇ ਲਈ ਸਿਗਨਲ ਵੀ ਕਲੀਅਰ ਕਰਾਏ, ਤਾਂ ਕਿ ਕਿਸੇ ਹੋਰ ਟ੍ਰੇਨ ਨਾਲ ਨਾ ਭਿੜ ਜਾਏ। ਇਸ ਦੌਰਾਨ ਰਫਤਾਰ ਫੜ ਚੁੱਕਾ ਇੰਜਣ ਲਗਾਤਾਰ ਚੱਲਦਾ ਗਿਆ। ਉਸ ਨੂੰ ਰੋਕਣ ਲਈ ਸਟੇਸ਼ਨ ਮੈਨੇਜਰ ਜੇ ਐੱਨ ਪਾਰਿਸ ਅਤੇ ਡਰਾਈਵਰ ਮੋਟਰ ਸਾਈਕਲ ਉੱਤੇ ਪਿੱਛਾ ਕਰਦੇ ਰਹੇ। ਇੰਜਣ ਦੀ ਰਫਤਾਰ ਜ਼ਿਆਦਾ ਹੋਣ ਕਾਰਨ ਉਸ ਤੱਕ ਪਹੁੰਚਣਾ ਹੀ ਮੁਸ਼ਕਲ ਹੋ ਰਿਹਾ ਸੀ। 13 ਕਿਲੋਮੀਟਰ ਬਾਅਦ ਇੰਜਣ ਦੀ ਰਫਤਾਰ ਆਪਣੇ ਆਪ ਕੁਝ ਘੱਟ ਹੋਈ। ਡਰਾਈਵਰ ਨੇ ਮੋਟਰ ਸਾਈਕਲ ਤੋਂ ਉਤਰ ਕੇ ਦੌੜ ਲਾਈ ਅਤੇ ਛਾਲ ਮਾਰ ਕੇ ਕਿਸੇ ਤਰ੍ਹਾਂ ਇੰਜਣ ‘ਤੇ ਚੜ੍ਹ ਕੇ ਬ੍ਰੇਕ ਲਾਈ। ਜਿਸ ਜਗ੍ਹਾ ਇੰਜਣ ਨੂੰ ਰੋਕਿਆ ਗਿਆ, ਉਸ ਤੋਂ ਇੱਕ ਕਿਲੋਮੀਟਰ ਅੱਗੇ ਹੀ ਨਲਵਾਰ ਸਟੇਸ਼ਨ ਆਉਣ ਵਾਲਾ ਸੀ।