ਚੰਡੀਗੜ੍ਹ: ਹੋਟਲ ਦੇ ਮਾਲਕ ਨੂੰ ਗੋਲ਼ੀ ਮਾਰਨ ਵਾਲੇ ਮੁਲਜ਼ਮ ਨੂੰ ਜਦ ਪੁਲਿਸ ਫੜ੍ਹਨ ਗਈ ਤਾਂ ਮੁਲਜ਼ਮ ਨੇ ਪੁਲਿਸ ’ਤੇ ਹੀ ਗੋਲ਼ੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਸਬ ਇੰਸਪੈਕਟਰ ਰਣਬੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਜ਼ਿਲ੍ਹਾ ਰੇਵਾੜੀ ਦੇ ਭਿਵਾੜੀ ਬਾਈਪਾਸ ’ਤੇ ਵਾਪਰੀ। ਪੁਲਿਸ ਨੇ ਮੁਲਜ਼ਮ ਨਰੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ ਪਿਛਲੇ ਦਿਨੀਂ ਜ਼ਿਲ੍ਹੇ ਵਿੱਚ ਹੋਟਲ ਮਾਲਕ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮ ਸ਼ਹਿਰ ਵਿੱਚ ਖੁੱਲ੍ਹੇਆਮ ਘੁੰਮ ਰਿਹਾ ਹੀ। ਪੁਲਿਸ ਨੂੰ ਜਦੋਂ ਉਸ ਦੀ ਸੂਹ ਮਿਲੀ ਤਾਂ ਪੁਲਿਸ ਉਸ ਨੂੰ ਫੜ੍ਹਨ ਗਈ ਸੀ। ਮੌਕੇ ’ਤੇ ਪੁੱਜੀ ਪੁਲਿਸ ਟੀਮ ਨੇ ਜਦੋਂ ਮੁਲਜ਼ਮ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸਬ ਇੰਸਪੈਕਟਰ ਰਣਬੀਰ ਸਿੰਘ ਨੂੰ ਗੋਲ਼ੀ ਲੱਗ ਗਈ ਪਰ ਹਸਪਤਾਲ ਵਿੱਚ ਇਲਾਜ ਦੌਰਾਨ ਹੀ ਉਨ੍ਹਾਂ ਦਮ ਤੋੜ ਦਿੱਤਾ। ਇਸ ਘਟਨਾ ਦੀ ਜਾਣਕਾਰੀ ਮਿਲਣ ਬਾਅਦ ਹੋਰ ਪੁਲਿਸ ਨਾਲ ਲੈ ਕੇ ਐਸਪੀ ਰਾਹੁਲ ਸ਼ਰਮਾ ਮੌਕੇ ’ਤੇ ਪੁੱਜੇ ਤੇ ਮੁਲਜ਼ਮ ਨਰੇਸ਼ ਨੂੰ ਕਾਬੂ ਕੀਤਾ। ਮ੍ਰਿਤਕ ਸਬ ਇੰਸਪੈਕਟਰ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਸਬ ਇੰਸਪੈਕਟਰ ਨੂੰ ਸੁਤੰਤਰਤਾ ਦਿਵਸ ਮੌਕੇ ਬਹਾਦਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਇੱਕ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਇੱਥੇ ਤਾਇਨਾਤੀ ਹੋਈ ਸੀ। ਉਹ ਆਪਣੇ ਪਿੱਛੇ ਦੋ ਧੀਆਂ ਤੇ ਇੱਕ ਪੁੱਤਰ ਛੱਡ ਗਏ ਹਨ।