ਔਰੰਗਾਬਾਦ: ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਜੈ ਸ੍ਰੀਰਾਮ ਦਾ ਨਾਅਰਾ ਨਾ ਲਾਉਣ 'ਤੇ ਐਤਵਾਰ ਰਾਤ ਕੁਝ ਲੋਕਾਂ ਨੇ ਦੋ ਨੌਜਵਾਨਾਂ ਦੀ ਕੁੱਟਮਾਰ ਕੀਤੀ। ਇੱਥੇ ਧਾਰਮਿਕ ਨਾਅਰਾ ਨਾ ਲਾਉਣ 'ਤੇ ਕੁੱਟਮਾਰ ਕਰਨ ਦਾ ਤਿੰਨ ਦਿਨਾਂ ਅੰਦਰ ਇਹ ਦੂਜਾ ਮਾਮਲਾ ਹੈ। ਉੱਧਰ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਵੀ ਅਜਿਹੀ ਘਟਨਾ ਵਾਪਰੀ ਜਿੱਥੇ ਦੋ ਲੋਕਾਂ ਨੂੰ ਚਾਕੂ ਨਾਲ ਵਿੰਨ੍ਹਿਆ ਦਿੱਤਾ। ਪੀੜਤਾਂ ਨੇ ਕਿਹਾ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਪਿਛਲੇ ਦਿਨੀ ਮੌਬ ਲਿੰਚਿੰਗ ਦੌਰਾਨ ਮਾਰੇ ਗਏ ਨੌਜਵਾਨ ਤਬਰੇਜ਼ ਦੀ ਵੀਡੀਓ ਵੀ ਦਿਖਾਈ।

ਔਰੰਗਾਬਾਦ ਦੇ ਐਸਪੀ ਚਿਰੰਜੀਵ ਪ੍ਰਸਾਦ ਨੇ ਕਿਹਾ ਕਿ ਪੀੜਤ ਸ਼ੇਖ ਆਮੇਰ ਨੇ ਕੁਝ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਉਹ ਰਾਤ ਨੂੰ ਕਿਸੇ ਦੋਸਤ ਨਾਲ ਕੰਮ ਕਰਨ ਬਾਹਰ ਨਿਕਲੇ ਸੀ। ਇਸੇ ਦੌਰਾਨ ਕਾਰ 'ਤੇ ਕੁਝ ਲੋਕ ਆਏ ਤੇ ਜੈ ਸ੍ਰੀਰਾਮ ਦਾ ਨਾਅਰਾ ਲਾਉਣ ਲਈ ਉਸ 'ਤੇ ਦਬਾਅ ਪਾਇਆ। ਜਦੋਂ ਉਨ੍ਹਾਂ ਵਿਰੋਧ ਕੀਤਾ ਤਾਂ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਚਲੇ ਗਏ। ਇਲਾਕੇ ਵਿੱਚ ਕਾਨੂੰਨ ਤੇ ਵਿਵਸਥਾ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

ਵੀਰਵਾਰ ਦੀ ਰਾਤ ਔਰੰਗਾਬਾਦ ਦੇ ਬੇਗਮਪੁਰ ਵਿੱਚ ਵੀ ਇਮਰਾਨ ਇਸਮਾਈਲ ਪਟੇਲ ਨੂੰ ਕੁੱਟਿਆ ਗਿਆ ਸੀ। ਉਹ ਹੋਟਲ ਤੋਂ ਕੰਮ ਤੋਂ ਬਾਅਦ ਘਰ ਵਾਪਸ ਆ ਰਹੀ ਸੀ। ਜਿਉਂ ਹੀ ਉਹ ਮੁਜ਼ੱਫਰਨਗਰ ਵਿੱਚ ਪਹੁੰਚਿਆ ਤਾਂ ਕੁਝ ਲੋਕਾਂ ਨੇ ਉਸ ਨੂੰ ਰੋਕ ਲਿਆ ਤੇ 'ਜੈ ਸ੍ਰੀ ਰਾਮ' ਦਾ ਨਾਅਰਾ ਲਾਉਣ ਲਈ ਕਿਹਾ। ਜਦੋਂ ਉਸ ਨੇ ਨਹੀਂ ਲਾਇਆ ਤਾਂ ਉਸ ਦੀ ਕੁੱਟਮਾਰ ਕੀਤੀ।

ਉੱਧਰ, ਰਾਂਚੀ ਵਿੱਚ ਸ਼ਨੀਵਾਰ ਰਾਤ ਲੋਕਾਂ ਨੇ ਚੋਰੀ ਦੇ ਸ਼ੱਕ ਵਿੱਚ ਦੋ ਨੌਜਵਾਨਾਂ ਸ਼ੇਖਰ ਰਾਮ ਤੇ ਬਸੰਤ ਰਾਮ ਨੂੰ ਫੜ ਲਿਆ। ਉਨ੍ਹਾਂ ਕੋਲੋਂ ਜੈ ਸ੍ਰੀਰਾਮ ਸਮੇਤ ਹੋਰ ਧਾਰਮਿਕ ਨਾਅਰੇ ਲਾਉਣ ਨੂੰ ਕਿਹਾ ਗਿਆ। ਜਦੋਂ ਉਨ੍ਹਾਂ ਇਨਕਾਰ ਕੀਤਾ ਤਾਂ ਦੋਵਾਂ ਨੂੰ ਚਾਕੂ ਮਾਰ ਦਿੱਤਾ। ਪੀੜਤਾਂ ਮੁਤਾਬਕ ਇਸ ਦੌਰਾਨ ਉਨ੍ਹਾਂ ਨੂੰ ਪਿਛਲੇ ਦਿਨੀਂ ਮੌਬ ਲਿੰਚਿੰਗ ਵਿੱਚ ਮਾਰੇ ਗਏ ਤਬਰੇਜ਼ ਦੀ ਵੀਡੀਓ ਵੀ ਦਿਖਾਈ ਗਈ।