ਵਿਆਹ ਤੋਂ ਮੁੜ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ, ਬੱਚਿਆਂ ਸਣੇ 9 ਦੀ ਮੌਤ, ਦਰਜਨ ਤੋਂ ਵੱਧ ਜ਼ਖ਼ਮੀ
ਏਬੀਪੀ ਸਾਂਝਾ | 22 Jul 2019 10:03 AM (IST)
ਸਾਹਮਣੇ ਆ ਰਹੇ ਅਣਪਛਾਤੇ ਵਾਹਨ ਨੇ ਡ੍ਰਾਈਵਰ ਸਾਈਡ 'ਤੇ ਟੱਕਰ ਮਾਰ ਦਿੱਤੀ। ਟੱਕਰ ਦੇ ਬਾਅਦ ਪਿੱਕਅੱਪ ਦੀ ਇੱਕ ਪਾਸੇ ਦੀ ਬਾਡੀ ਦੇ ਪਰਖੱਚੇ ਉੱਡ ਗਏ। ਹਾਦਸੇ ਬਾਅਦ ਆਸਪਾਸ ਦੇ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ 9 ਜਣਿਆਂ ਨੂੰ ਮ੍ਰਿਤ ਐਲਾਨ ਦਿੱਤਾ।
ਹਾਪੁੜ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਾਪੁੜ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ 9 ਜਣਿਆਂ ਦੀ ਮੌਤ ਹੋ ਗਈ। ਘਟਨਾ ਵਿੱਚ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ। ਹਾਦਸਾ ਜ਼ਿਲ੍ਹੇ ਦੇ ਹਾਫ਼ਿਜ਼ਪੁਰ ਇਲਾਕੇ ਦੇ ਹਾਈਵੇ ਬੁਲੰਦਸ਼ਹਿਰ ਰੋਡ ਸਥਿਤ ਸਾਦਿਕਪੁਰ ਨੇੜੇ ਵਾਪਰਿਆ। ਘਟਨਾ ਵੇਲੇ ਇੱਕ ਪਿਕਅੱਪ ਗੱਡੀ ਵਿੱਚ ਲਗਪਗ 20 ਤੋਂ 25 ਜਣੇ ਸਵਾਰ ਸਨ ਜੋ ਕਿਸੇ ਨਿਕਾਹ ਤੋਂ ਵਾਪਸ ਮੁੜ ਰਹੇ ਸੀ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਦਰਅਸਲ ਸਾਲੇਪੁਰ ਕੋਟਲਾ ਵਿੱਚ ਰਹਿਣ ਵਾਲੇ ਵਿਅਕਤੀ ਦੀ ਧੀ ਦਾ ਨਿਕਾਹ ਸੀ। ਜੰਞ ਐਤਵਾਰ ਸ਼ਾਮ ਮੇਰਠ ਤੋਂ ਹਾਪੁੜ ਸ਼ਹਿਰ ਦੇ ਇੱਕ ਮੈਰਿਜ ਹੋਮ ਵਿੱਚ ਆਈ ਸੀ। ਨਿਕਾਹ ਵਿੱਚ ਆਏ ਲੋਕ ਪਿਕਅਪ ਗੱਡੀ ਵਿੱਚ ਸਵਾਰ ਹੋ ਕੇ ਪਿੰਡ ਵਾਪਸ ਜਾ ਰਹੇ ਸੀ। ਗੱਡੀ ਵਿੱਚ ਮਹਿਲਾਵਾਂ ਤੇ ਬੱਚੇ ਵੀ ਸਵਾਰ ਸਨ। ਜਿਵੇਂ ਹੀ ਗੱਡੀ ਪਿੰਡ ਸਾਦਿਕਪੁਰ ਨੇੜੇ ਪਹੁੰਚੀ ਤਾਂ ਸਾਹਮਣੇ ਆ ਰਹੇ ਅਣਪਛਾਤੇ ਵਾਹਨ ਨੇ ਡ੍ਰਾਈਵਰ ਸਾਈਡ 'ਤੇ ਟੱਕਰ ਮਾਰ ਦਿੱਤੀ। ਟੱਕਰ ਦੇ ਬਾਅਦ ਪਿੱਕਅੱਪ ਦੀ ਇੱਕ ਪਾਸੇ ਦੀ ਬਾਡੀ ਦੇ ਪਰਖੱਚੇ ਉੱਡ ਗਏ। ਹਾਦਸੇ ਬਾਅਦ ਆਸਪਾਸ ਦੇ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ 9 ਜਣਿਆਂ ਨੂੰ ਮ੍ਰਿਤ ਐਲਾਨ ਦਿੱਤਾ।