ਮਹਾਰਾਸ਼ਟਰ ਦੇ ਨਾਗਪੁਰ ਵਿੱਚ ਸੋਮਵਾਰ ਯਾਨੀਕਿ 17 ਮਾਰਚ ਦੀ ਰਾਤ ਹਿੰਸਾ ਭੜਕ ਉਠੀ ਅਤੇ ਕੁਝ ਹੀ ਸਮੇਂ ਵਿੱਚ ਇਹ ਅਸ਼ਾਂਤੀ ਕੋਤਵਾਲੀ ਅਤੇ ਗਣੇਸ਼ਪੇਠ ਸਮੇਤ ਕਈ ਇਲਾਕਿਆਂ ਵਿੱਚ ਫੈਲ ਗਈ। ਹਾਲਾਤਾਂ 'ਤੇ ਕਾਬੂ ਪਾਉਣ ਲਈ ਹਿੰਸਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ ਇਲਾਕਿਆਂ ਵਿੱਚ ਕਰਫਿਊ ਲਾਗੂ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਆਖ਼ਿਰ ਨਾਗਪੁਰ ਵਿੱਚ ਹਿੰਸਾ ਕਿਵੇਂ ਭੜਕੀ, ਵਿਵਾਦ ਕਿੱਥੋਂ ਸ਼ੁਰੂ ਹੋਇਆ? ਕੀ ਪ੍ਰਦਰਸ਼ਨ ਦੌਰਾਨ ਕੋਈ ਅਫ਼ਵਾਹ ਵੀ ਫੈਲੀ ਸੀ?
ਨਿਊਜ਼ ਏਜੰਸੀ ਪੀਟੀਆਈ ਦੇ ਮੁਤਾਬਕ, ਸੋਮਵਾਰ ਨੂੰ ਹਿੰਦੂਵਾਦੀ ਸੰਗਠਨਾਂ ਵੱਲੋਂ ਔਰੰਗਜ਼ੇਬ ਦੀ ਮਜ਼ਾਰ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਇਹ ਅਫ਼ਵਾਹ ਫੈਲ ਗਈ ਕਿ ਕਿਸੇ ਨੇ ਪਵਿੱਤਰ ਗ੍ਰੰਥ ਨੂੰ ਅੱਗ ਲਾ ਦਿੱਤੀ ਹੈ। ਇਸ ਅਫ਼ਵਾਹ ਕਾਰਨ ਤਣਾਅ ਵੱਧ ਗਿਆ। ਫਿਰ ਸ਼ਾਮ ਕਰੀਬ 7:30 ਵਜੇ ਮਹਲ ਦੇ ਚਿਟਨਿਸ ਪਾਰਕ ਇਲਾਕੇ ਵਿੱਚ ਝੜਪਾਂ ਹੋਈਆਂ, ਜਿਸ ਦੌਰਾਨ ਪੁਲਿਸ 'ਤੇ ਪਥਰਾਅ ਕੀਤਾ ਗਿਆ। ਇਸ ਘਟਨਾ ਵਿੱਚ 6 ਨਾਗਰਿਕ ਅਤੇ 3 ਅਧਿਕਾਰੀ ਜ਼ਖ਼ਮੀ ਹੋ ਗਏ। ਬਾਅਦ ਵਿੱਚ ਇਹ ਅਸ਼ਾਂਤੀ ਕੋਤਵਾਲੀ ਅਤੇ ਗਣੇਸ਼ਪੇਠ ਇਲਾਕਿਆਂ ਤੱਕ ਫੈਲ ਗਈ ਅਤੇ ਸ਼ਾਮ ਵਧਦਿਆਂ ਹਾਲਾਤ ਹੋਰ ਗੰਭੀਰ ਹੋ ਗਏ।
ਕਰੀਬ ਇੱਕ ਹਜ਼ਾਰ ਲੋਕ ਵੱਡੀ ਗਿਣਤੀ ਵਿੱਚ ਪਥਰਾਅ, ਤੋੜਫੋੜ ਅਤੇ ਅੱਗਾਂ ਲਗਾਉਣਾ ਵਿੱਚ ਸ਼ਾਮਿਲ ਸਨ, ਜਿਸ ਦੌਰਾਨ ਕਈ ਵਾਹਨ ਅਤੇ ਘਰ ਨੁਕਸਾਨਗ੍ਰਸਤ ਹੋ ਗਏ। ਏਐਨਆਈ ਨੇ ਨਾਗਪੁਰ ਪੁਲਿਸ ਕਮਿਸ਼ਨਰ ਦੇ ਹਵਾਲੇ ਨਾਲ ਦੱਸਿਆ ਕਿ ਹਿੰਸਾ ਰਾਤ 8 ਤੋਂ 8:30 ਵਜੇ ਦੇ ਦਰਮਿਆਨ ਆਪਣੇ ਚਰਮ 'ਤੇ ਸੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਦਖਲ ਦੇਣਾ ਪਿਆ। ਹਿੰਸਾ ਨਾਗਪੁਰ ਦੇ ਹੰਸਪੁਰੀ ਇਲਾਕੇ ਤੱਕ ਫੈਲ ਗਈ, ਜਿੱਥੇ ਅਣਪਛਾਤੇ ਲੋਕਾਂ ਨੇ ਦੁਕਾਨਾਂ ਵਿੱਚ ਤੋੜਫੋੜ ਕੀਤੀ ਅਤੇ ਵਾਹਨਾਂ ਨੂੰ ਅੱਗ ਲਾ ਦਿੱਤੀ।
ਨਾਗਪੁਰ 'ਚ ਰਾਤ 10:30 ਵਜੇ ਤੋਂ 11:30 ਵਜੇ ਦੇ ਦਰਮਿਆਨ ਓਲਡ ਭੰਡਾਰਾ ਰੋਡ ਦੇ ਨੇੜੇ ਇਕ ਨਵੀਂ ਝੜਪ ਹੋਈ, ਜਿਸ ਦੌਰਾਨ ਭੀੜ ਨੇ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਦੌਰਾਨ ਘਰਾਂ ਅਤੇ ਇਕ ਕਲੀਨਿਕ ਵਿੱਚ ਤੋੜਫੋੜ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਅਫਵਾਹ ਤੋਂ ਬਾਅਦ ਫੈਲੀ ਹਿੰਸਾ
ਪੀਟੀਆਈ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਹਿੰਸਾ ਦੁਪਹਿਰ ਤੋਂ ਬਾਅਦ ਉਸ ਸਮੇਂ ਸ਼ੁਰੂ ਹੋਈ, ਜਦੋਂ ਬਜਰੰਗ ਦਲ ਦੇ ਮੈਂਬਰਾਂ ਨੇ ਮਹਲ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਕੋਲ ਪ੍ਰਦਰਸ਼ਨ ਕੀਤਾ। ਇੱਥੇ ਅਫਵਾਹ ਫੈਲ ਗਈ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਧਾਰਮਿਕ ਗ੍ਰੰਥ ਨੂੰ ਜਲਾਇਆ ਗਿਆ ਹੈ, ਜਿਸ ਕਾਰਨ ਮੁਸਲਿਮ ਭਾਈਚਾਰੇ ਵਿੱਚ ਗੁੱਸਾ ਫੈਲ ਗਿਆ। ਸ਼ਾਮ ਨੂੰ ਗਣੇਸ਼ਪੇਠ ਪੁਲਿਸ ਥਾਣੇ ਵਿੱਚ ਪਵਿੱਤਰ ਗ੍ਰੰਥ ਨੂੰ ਸਾੜਨ ਦੇ ਦੋਸ਼ ਲਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਗਈ।