ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਰੈਲੀਆਂ ਤੇ ਹੋਰ ਚੋਣ ਸੰਦੇਸ਼ਾਂ ਦਾ ਪ੍ਰਚਾਰ ਕਰਨ ਵਾਲਾ ਬੀਜੇਪੀ ਪ੍ਰਾਯੋਜਿਤ ਚੈਨਲ ਨਮੋ ਟੀਵੀ ਬੰਦ ਹੋ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਜਦੋਂ 17 ਮਈ ਨੂੰ ਲੋਕ ਸਭਾ ਚੋਣਾਂ ਲਈ ਸਾਰਾ ਪ੍ਰਚਾਰ ਅਭਿਆਨ ਖ਼ਤਮ ਹੋਇਆ ਸੀ ਤਾਂ ਉਸੇ ਵੇਲੇ ਇਹ ਨਮੋ ਟੀਵੀ ਵੀ ਬੰਦ ਹੋ ਗਿਆ ਸੀ।


ਗੋਪਨੀਅਤਾ ਦੀ ਸ਼ਰਤ 'ਤੇ ਬੀਜੇਪੀ ਲੀਡਰ ਨੇ ਕਿਹਾ, 'ਨਮੋ ਟੀਵੀ ਲੋਕ ਸਭਾ ਚੋਣਾਂ ਲਈ ਬੀਜੇਪੀ ਦੇ ਪ੍ਰਚਾਰ ਅਭਿਆਨ ਦੇ ਮਾਧਿਅਮ ਦੇ ਰੂਪ ਵਿੱਚ ਲਿਆਂਦਾ ਗਿਆ। ਪ੍ਰਚਾਰ ਖ਼ਤਮ ਹੋਣ ਦੇ ਨਾਲ ਹੀ ਇਸ ਦੀ ਹੁਣ ਕੋਈ ਲੋੜ ਨਹੀਂ ਹੈ। ਇਸ ਲਈ 17 ਮਈ ਤੋਂ ਜਦੋਂ ਸਾਰਾ ਪ੍ਰਚਾਰ ਖ਼ਤਮ ਹੋ ਗਿਆ ਤਾਂ ਇਸ ਨੂੰ ਵੀ ਬੰਦ ਕਰ ਦਿੱਤਾ ਗਿਆ।'

ਦੱਸ ਦੇਈਏ ਜਦੋਂ ਤੋਂ ਨਮੋ ਟੀਵੀ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਇਹ ਵਿਵਾਦਾਂ ਵਿੱਚ ਰਿਹਾ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਚੋਣ ਪ੍ਰਚਾਰ ਦੀ ਮਿਆਦ ਖ਼ਤਮ ਹੋਣ ਦੇ ਬਾਅਦ ਵੀ ਇਸ 'ਨਮੋ ਟੀਵੀ' 'ਤੇ 'ਚੋਣਾਂ ਨਾਲ ਸਬੰਧਿਤ ਖ਼ਬਰਾਂ' ਪ੍ਰਸਾਰਿਤ ਕਰਨ ਲਈ ਬੀਜੇਪੀ ਨੂੰ ਨੋਟਿਸ ਭੇਜਿਆ ਸੀ ਪਰ ਪਾਰਟੀ ਨੇ ਕਿਹਾ ਕਿ ਉਨ੍ਹਾਂ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ।