ਨਵੀਂ ਦਿੱਲੀ: ਮਹਿਲਾ ਭਗਤ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਆਸਾਰਾਮ ਦੇ ਮੁੰਡੇ ਨਾਰਾਇਣ ਸਾਈਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਠੋਕਿਆ ਗਿਆ ਹੈ। ਸੂਰਤ ਦੀ ਅਦਾਲਤ ਨੇ 26 ਅਪਰੈਲ ਨੂੰ ਉਸ ਨੂੰ ਦੋਸ਼ੀ ਠਹਿਰਾਇਆ ਸੀ ਤੇ 30 ਅਪਰੈਲ ਨੂੰ ਸਜ਼ਾ ਸੁਣਾਉਣ ਦਾ ਐਲਾਨ ਕੀਤਾ ਸੀ। ਦੱਸ ਦੇਈਏ ਨਾਰਾਇਣ ਸਾਈਂ ਬਲਾਤਕਾਰ ਦੇ ਮਾਮਲੇ ਵਿੱਚ ਜੋਧਪੁਰ ਜੇਲ੍ਹ ਵਿੱਚ ਬੰਦ ਹਨ।


ਨਾਰਾਇਣ ‘ਤੇ ਜਹਾਂਗੀਰਪੁਰਾ ਸਥਿਤ ਆਸ਼ਰਮ ‘ਚ ਇੱਕ ਫੌਲੋਅਰ ਨਾਲ 2002 ‘ਚ ਬਲਾਤਕਾਰ ਕਰਨ ਦਾ ਇਲਜ਼ਾਮ ਸੀ। ਇਸ ਤੋਂ ਇਲਾਵਾ ਵਾਰ-ਵਾਰ 2004 ਤਕ ਛੇੜਛਾੜ ਕਰਨ ਦਾ ਵੀ ਇਲਜ਼ਾਮ ਸੀ। ਉਸ ਨੇ ਆਪਣੇ ਸਾਥੀਆਂ ਨਾਲ ਮਿਲਕੇ ਪੀੜਤਾ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। 6 ਅਕਤੂਬਰ, 2013 ਨੂੰ ਪੀੜਤਾ ਨੇ ਇਸ ਮਾਮਲੇ 'ਚ ਸੂਰਤ 'ਚ ਐਫਆਈਆਰ ਦਰਜ ਕਰਵਾਈ ਸੀ।

ਪੀੜਤਾ ਨੇ ਨਾਰਾਇਣ ਸਮੇਤ ਹੋਰ ਸੱਤ ਲੋਕਾਂ ਖਿਲਾਫ ਐਫਆਈਆਰ ਕਰਵਾਈ। 4 ਦਸੰਬਰ, 2013 ਨੂੰ ਉਸ ਨੂੰ ਤੇ ਉਸ ਦੇ ਡਰਾਈਵਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਨਾਰਾਇਣ ਜੇਲ੍ਹ ‘ਚ ਹੈ ਤੇ ਕੋਰਟ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਸ਼ੁੱਕਰਵਾਰ ਨੂੰ ਨਾਰਾਇਣ ਸਾਈਂ ਦੇ ਇਲਾਵਾ ਤਿੰਨ ਮਹਿਲਾਵਾਂ ਸਮੇਤ ਚਾਰ ਸਹਿਯੋਗੀਆਂ ਨੂੰ ਵੀ ਦੋਸ਼ੀ ਠਹਿਰਾਇਆ ਸੀ। ਇਸ ਮਾਮਲੇ ਵਿੱਚ ਕੁੱਲ 11 ਨਾਮਜ਼ਦ ਸਨ ਜਿਨ੍ਹਾਂ ਵਿੱਚੋਂ 6 ਨੂੰ ਬਰੀ ਕਰ ਦਿੱਤਾ ਗਿਆ ਹੈ।