ਐੱਨਡੀਏ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਰਸਮੀ ਤੌਰ ’ਤੇ ਆਪਣਾ ਆਗੂ ਚੁਣਨ ਲਈ ਸ਼ਨੀਵਾਰ ਨੂੰ ਜੁੜਨਗੇ। ਇਸ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਹੋ ਜਾਵੇਗਾ। ਹੁਣ ਸਭ ਦੀਆਂ ਨਜ਼ਰਾਂ ਨਵੀਂ ਸਰਕਾਰ ਦੇ ਗਠਨ ਦੇ ਟਿਕ ਗਈਆਂ ਹਨ। ਕਿਆਸਅਰਾਈਆਂ ਹਨ ਕਿ ਸਰਕਾਰ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਕਈ ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਜਾ ਸਕਦੀ ਹੈ।
ਸ਼ਾਹ ਨੂੰ ਮੰਤਰੀ ਮੰਡਲ ਵਿੱਚ ਗ੍ਰਹਿ, ਵਿੱਤ, ਵਿਦੇਸ਼ ਜਾਂ ਰੱਖਿਆ ਮੰਤਰਾਲੇ ਵਿੱਚੋਂ ਕੋਈ ਵੀ ਮਹਿਕਮਾ ਦਿੱਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਸ਼ਾਹ ਦਾ ਨਾਂਅ ਉਪ ਪ੍ਰਧਾਨ ਮੰਤਰੀ ਲਈ ਵੀ ਵਿਚਾਰਿਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਜਪਾ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਕੋਈ ਹੋਰ ਵਿਅਕਤੀ ਸੰਭਾਲੇਗਾ। ਸ਼ਾਹ ਤੋਂ ਇਲਾਵਾ ਸਮ੍ਰਿਤੀ ਇਰਾਨੀ, ਰਾਜਨਾਥ ਸਿੰਘ, ਨਿਤਿਨ ਗਡਕਰੀ, ਰਵੀ ਸ਼ੰਕਰ ਪ੍ਰਸਾਦ, ਪਿਊਸ਼ ਗੋਇਲ, ਨਰੇਂਦਰ ਸਿੰਘ ਤੋਮਰ ਤੇ ਪ੍ਰਕਾਸ਼ ਜਾਵੜੇਕਰ ਦੇ ਵੀ ਕੈਬਨਿਟ ਵਿਚ ਬਣੇ ਰਹਿਣ ਦੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ, ਜੇਡੀ (ਯੂ) ਤੇ ਸ਼ਿਵ ਸੈਨਾ ਨੂੰ ਕੈਬਨਿਟ ਵਿੱਚ ਨੁਮਾਇੰਦਗੀ ਦੇਣ ਬਾਰੇ ਸ਼ਾਹ ਪਹਿਲਾਂ ਹੀ ਕਹਿ ਚੁੱਕੇ ਹਨ।