ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਸ਼ਲ ਮੀਡੀਆ ਤੋਂ ਆਪਣੇ ਨਾਂਅ ਨਾਲੋਂ 'ਚੌਕੀਦਾਰ' ਸ਼ਬਦ ਹਟਾ ਲਿਆ ਹੈ। ਲੋਕ ਸਭਾ ਚੋਣਾਂ ਵਿੱਚ ਬੇਹੱਦ ਵਾਰ ਵਰਤੇ ਗਏ ਸ਼ਬਦ 'ਚੌਕੀਦਾਰ' ਨੂੰ ਹੁਣ ਨਰੇਂਦਰ ਮੋਦੀ ਨੇ ਉਤਾਰ ਲਿਆ ਹੈ। ਚੌਕੀਦਾਰ ਨਰੇਂਦਰ ਮੋਦੀ ਹੁਣ ਸਿਰਫ ਨਰੇਂਦਰ ਮੋਦੀ ਰਹਿ ਗਏ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚੌਕੀਦਾਰ ਨੂੰ ਚੋਰ ਦੱਸ ਮੋਦੀ ਨੂੰ ਕਾਫੀ ਘੇਰਿਆ ਸੀ, ਜਿਸ ਮਗਰੋਂ ਪ੍ਰਧਾਨ ਮੰਤਰੀ ਨੇ ਇਸ ਸ਼ਬਦ ਨੂੰ ਆਪਣੇ ਨਾਂ ਨਾਲ ਹੀ ਜੋੜ ਲਿਆ ਸੀ।


ਮੋਦੀ ਨੇ ਟਵੀਟ ਕਰਕੇ ਦੱਸਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਚੌਕੀਦਾਰ ਦੀ ਭਾਵਨਾ ਨੂੰ ਅਗਲੇ ਪੜਾਅ 'ਤੇ ਲਿਜਾਇਆ ਜਾਵੇ। ਹਾਲਾਂਕਿ, ਮੋਦੀ ਨੇ ਕਿਹਾ ਕਿ ਇਹ ਸ਼ਬਦ ਉਨ੍ਹਾਂ ਦਾ ਅਨਿੱਖੜਵਾਂ ਅੰਗ ਰਹੇਗਾ, ਪਰ ਜਾਪਦਾ ਹੈ ਕਿ ਮੋਦੀ ਨੇ ਚੋਣਾਂ ਵਿੱਚ ਲਾਹਾ ਲੈਣ ਲਈ ਹੀ ਇਸ ਸ਼ਬਦ ਨੂੰ ਆਪਣੇ ਨਾਂਅ ਨਾਲ ਲਾਇਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਮੋਦੀ ਪਿੱਛੇ ਲੱਗ ਹੋਰ ਕੇਂਦਰੀ ਮੰਤਰੀ ਤੇ ਭਾਜਪਾਈ ਆਗੂ ਆਪਣੇ ਨਾਂਅ ਨਾਲ ਲੱਗੇ ਚੌਕੀਦਾਰ ਦਾ ਕੀ ਕਰਨਗੇ।