ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਵਿੱਚ ਕੇਂਦਰ ਦੀ ਬੀਜੇਪੀ ਸਰਕਾਰ ਇੱਕ ਵਾਰ ਫਿਰ ਇਤਿਹਾਸ ਦੁਹਰਾਉਣ ਦੀ ਫਿਰਾਕ ਵਿੱਚ ਹੈ। ਇਲ ਕੰਮ ਲਈ ਮੋਦੀ ਸਰਕਾਰ ਆਪਣੀਆਂ ਯੋਜਨਾਵਾਂ ਤੋਂ ਲਾਭ ਲੈਣੋਂ ਪਿੱਛੇ ਨਹੀਂ ਹਟੇਗੀ। ਮੋਦੀ ਸਰਕਾਰ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦੇਣ ਦੀ ਯੋਜਨਾ ‘ਉਜਵਲਾ ਯੋਜਨਾ’ ਨੂੰ ਆਪਣੀ ਵੱਡੀ ਉਪਲੱਬਧੀ ਮੰਨਦੀ ਹੈ। ਮੰਨਿਆ ਜਾ ਰਿਹਾ ਹੈ ਕਿ ਬਜਟ ਵਿੱਚ ਵੀ ਇਸ ਯੋਜਨਾ ਸਬੰਧੀ ਵੱਡਾ ਐਲਾਨ ਕੀਤਾ ਜਾ ਸਕਦਾ ਹੈ।


ਸਿਆਸੀ ਮਾਹਰਾਂ ਦਾ ਵੀ ਮੰਨਣਾ ਹੈ ਕਿ ਇਸ ਯੋਜਨਾ ਨੇ ਬੀਜੇਪੀ ਨੂੰ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿੱਚ ਸਿਆਸੀ ਫਾਇਦਾ ਪਹੁੰਚਾਇਆ ਹੈ। ਪਰ ਅਕਸਰ ਇੱਕ ਸ਼ਿਕਾਇਤ ਮਿਲਦੀ ਰਹੀ ਹੈ ਕਿ ਯੋਜਨਾ ਦੇ ਤਹਿਤ ਪਹਿਲਾ ਸਿਲੰਡਰ ਲੈਣ ਬਾਅਦ ਗ਼ਰੀਬਾਂ ਨੂੰ ਆਪਣੇ ਪੈਸਿਆਂ ਨਾਲ ਅਗਲਾ ਸਲੰਡਰ ਭਰਵਾਉਣ ’ਚ ਮੁਸ਼ਕਲ ਆਉਂਦੀ ਹੈ।

ਸਿਆਸੀ ਅੰਕੜਿਆਂ ਮੁਤਾਬਕ ਜਿੱਥੇ ਆਮ ਲੋਕ ਸਾਲ ਵਿੱਚ 7 ਸਿਲੰਡਰਾਂ ਦਾ ਇਸਤੇਮਾਲ ਕਰਦੇ ਹਨ ਉੱਥੇ ਉਜਵਲਾ ਦੇ ਲਾਭਪਾਤਰੀ ਸਿਰਫ 3.8 ਸਿਲੰਡਰ ਪ੍ਰਤੀ ਸਾਲ ਹੀ ਇਸਤੇਮਾਲ ਕਰਦੇ ਹਨ। ਅਜਿਹੇ ਵਿੱਚ ਕਿਹਾ ਜਾ ਰਿਹਾ ਹੈ ਕਿ ਸਰਕਾਰ ਇਨ੍ਹਾਂ ਲਾਭਪਾਤਰੀਆਂ ਲਈ ਸਾਲ ਵਿੱਚ 2 ਜਾਂ 3 ਸਿਲੰਡਰ ਮੁਫ਼ਤ ਦੇਣ ਦਾ ਵੀ ਐਲਾਨ ਕਰ ਸਕਦੀ ਹੈ।

ਹਾਲ ਹੀ ਵਿੱਚ ਸਰਕਾਰ ਨੇ 6 ਕਰੋੜ ਲੋਕਾਂ ਨੂੰ ਉਜਵਲਾ ਦੇ ਤਹਿਤ ਗੈਸ ਕੁਨੈਕਸ਼ਨ ਦੇਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਅਜਿਹੇ ਵਿੱਚ ਕਿਆਸ ਲਾਏ ਜਾ ਰਹੇ ਹਨ ਕਿ ਜੇ ਸਿਲੰਡਰ ਮੁਫ਼ਤ ਦੇਣ ਦਾ ਐਲਾਨ ਹੋਇਆ ਤਾਂ ਇਸ ਦਾ ਫਾਇਦਾ ਸਿੱਧਾ ਬੀਜੇਪੀ ਨੂੰ ਹੀ ਮਿਲੇਗਾ। ਲੋਕ ਸਭਾ ਚੋਣਾਂ ਲਈ ਇਹ ਵੀ ਸਰਕਾਰ ਦਾ ਮਾਸਟਰ ਸਟ੍ਰੋਕ ਸਾਬਤ ਹੋ ਸਕਦਾ ਹੈ।