ਨਵੀਂ ਦਿੱਲੀ: ਅੱਜ ਕੇਂਦਰ ਦੀ ਮੋਦੀ ਸਰਕਾਰ ਦੇ 4 ਸਾਲ ਮੁਕੰਮਲ ਹੋ ਗਏ ਹਨ। ਅੱਜ ਤੋਂ ਚਾਰ ਸਾਲ ਪਹਿਲਾਂ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐਨਡੀਏ ਸਰਕਾਰ ਸੱਤਾ ’ਚ ਆਈ ਸੀ। 30 ਸਾਲ ਬਾਅਦ ਕਿਸੇ ਪਾਰਟੀ ਨੂੰ ਪੂਰਾ ਬਹੁਮਤ ਹਾਸਲ ਹੋਇਆ ਸੀ। ਇਸ ਮੌਕੇ ਬੀਜੇਪੀ ਦੇ ਸਾਰੇ ਮੰਤਰੀ ਬੀਜੇਪੀ ਦੀਆਂ ਪ੍ਰਾਪਤੀਆਂ ਦੇ ਸੋਹਲੇ ਗਾ ਰਹੇ ਹਨ।
ਅੱਜ ਮੋਦੀ ਆਪਣੇ ਚਾਰ ਸਾਲਾਂ ਦੀ ਰਿਪੋਰਟ ਕਾਰਡ ਉੜੀਸਾ ਵਿੱਚ ਰੈਲੀ ਕਰਕੇ ਪੇਸ਼ ਕਰਨਗੇ। ਉੱਧਰ ਵਿਰੋਧੀ ਧਿਰ ਮੋਦੀ ਤੇ ਬੀਜੇਪੀ ’ਤੇ ਵਾਅਦੇ ਪੂਰੇ ਨਾ ਕਰਨ ਦੇ ਇਲਜ਼ਾਮ ਲਾ ਰਿਹਾ ਹੈ। ਕਾਂਗਰਸੀ ਲੀਡਰ ਵੀ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੀਜੇਪੀ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨਗੇ।
ਨਰਿੰਦਰ ਮੋਦੀ ਤੇ ਬੀਜੇਪੀ ਆਪਣੀਆਂ ਰੈਲੀਆਂ ਵਿੱਚ ਬਾਰਡਰ ’ਤੇ ਫੌਜ ਦੀ ਸੁਰੱਖਿਆ ਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਦੀਆਂ ਗੱਲਾਂ ਕਰਦੇ ਸਨ ਪਰ ਮੋਦੀ ਸਰਕਾਰ ਆਉਣ ਤੋਂ ਬਾਅਦ ਗੋਲ਼ੀਬਾਰੀ ਦੀ ਉਲੰਘਣਾ ਤੇ ਘੁਸਪੈਠ ਦੀਆਂ ਵਾਰਦਾਤਾਂ ’ਚ ਵਾਧਾ ਹੀ ਹੋਇਆ ਹੈ। ਪਿਛਲੇ ਚਾਰ ਸਾਲਾਂ ਵਿੱਚ ਦੇਸ਼ ਦੇ 280 ਜਵਾਨ ਸ਼ਹੀਦ ਹੋਏ ਹਨ। ਇਸ ਦੇ ਨਾਲ ਹੀ 646 ਅੱਤਵਾਦੀਆਂ ਨੂੰ ਵੀ ਮੌਤ ਦਾ ਰਾਹ ਵਿਖਾਇਆ ਗਿਆ।
ਸਰਕਾਰ ਦਾਅਵਾ ਕਰਦੀ ਹੈ ਕਿ ਸਰਜੀਕਲ ਸਟ੍ਰਾਈਕ ਕਰਕੇ ਉਨ੍ਹਾਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ ਪਰ ਵਿਰੋਧੀ ਧਿਰ ਦੇ ਕਹਿਣਾ ਹੈ ਕਿ ਸਰਜੀਕਲ ਸਟ੍ਰਾਈਕ ਯੂਪੀਏ ਦੇ ਕਾਰਜਕਾਲ ਵਿੱਚ ਵੀ ਹੋ ਚੁੱਕਾ ਹੈ।
ਸੱਤਾ ਵਿੱਚ ਆਉਣ ਤੋਂ ਬਾਅਦ ਮੋਦੀ ਸਰਕਾਰ ਨੇ ਮਹਿੰਗਾਈ, ਕਿਸਾਨੀ ਕਰਜ਼, ਰੁਜ਼ਗਾਰ, ਮਹਿਲਾਵਾਂ ਤੇ ਕਾਲ਼ਾ ਧਨ ਸਣੇ ਕਈ ਮੁੱਦਿਆਂ ਸਬੰਧੀ ਵਾਅਦੇ ਕੀਤੇ ਸਨ। ਸਰਕਾਰ ਨੇ ਮਹਿੰਗਾਈ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ। ਮੋਦੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਾਮਲੇ ਵਿੱਚ ਵੀ ਫੇਲ੍ਹ ਰਹੀ ਹੈ।
'ਏਬੀਪੀ ਨਿਊਜ਼' ਨੇ ਜਦੋਂ ਰਾਜਸਥਾਨ ਦੇ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉੱਥੇ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ। ਬੇਰੁਜ਼ਗਾਰ ਨੌਜਵਾਨਾਂ ਵਿੱਚ ਕਾਫ਼ੀ ਗੁੱਸਾ ਵੇਖਿਆ ਗਿਆ। ਲੋਕਾਂ ਨੇ ਕਿਹਾ ਕਿ ਸਕਕਾਰ ਨੇ ਸਕੀਮਾਂ ਤਾਂ ਬਹੁਤ ਚਲਾ ਦਿੱਤੀਆਂ ਪਰ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਹੋ ਰਿਹਾ। ਹਾਲਾਂਕਿ ਕੁਝ ਲੋਕਾਂ ਨੇ ਕਿਹਾ ਕਿ ਮੋਦੀ ਨੇ ਵਿਦੇਸ਼ਾਂ ਵਿੱਚ ਭਾਰਤ ਦਾ ਮਾਣ ਵਧਾਇਆ ਹੈ।