ਖਬਰ ਦੇਸ਼ ਭਰ ਦੀ, ਸਿਰਫ ਦੋ ਮਿੰਟ 'ਚ
ਏਬੀਪੀ ਸਾਂਝਾ | 21 Oct 2016 06:23 PM (IST)
1....ਦਿੱਲੀ ਵਿੱਚ ਬਰਡ ਫਲੂ ਦੇ ਖਦਸ਼ੇ ਮਗਰੋਂ ਦਹਿਸ਼ਤ ਦਾ ਮਾਹੌਲ ਹੈ। ਚਿੜਿਆਘਰ ਦੇ ਇਲਾਵਾ ਡੀਅਰ ਪਾਰਕ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਸਰਕਾਰ ਨੇ ਵੱਖ-ਵੱਖ ਥਾਵਾਂ ਤੋਂ ਸੈਂਪਲ ਲੈ ਜਾਂਚ ਲਈ ਭੇਜੇ ਹਨ। ਦਿੱਲੀ ਵਿੱਚ ਪਿਛਲੇ ਤਿੰਨ ਦਿਨਾਂ ਅੰਦਰ 17 ਪੰਛੀਆਂ ਦੀ ਮੌਤ ਹੋ ਚੁੱਕੀ ਹੈ। 2...ਬੀਜੇਪੀ ਸਾਂਸਦ ਵਰੁਣ ਗਾਂਧੀ ਨੇ ਹਨੀਟਰੈਪ ਦੇ ਇਲਜ਼ਾਮਾਂ ਨੂੰ ਝੂਠਾ ਦੱਸਿਆ ਹੈ। ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਮੁਤਾਬਕ ਵਰੁਣ ਨੇ ਕਿਹਾ ਕਿ ਜੇਕਰ ਇਲਜ਼ਾਮ 1 ਫੀਸਦ ਵੀ ਸਹੀ ਸਾਬਤ ਹੋਏ ਤਾਂ ਉਹ ਰਾਜਨੀਤੀ ਛੱਡ ਦੇਣਗੇ। ਜਦਕਿ ਹਥਿਆਰ ਕਾਰੋਬਾਰੀ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਬਲੈਕਮੇਲਿੰਗ ਤੇ ਤਸਵੀਰਾਂ ਦੇ ਇਲਜ਼ਾਮ ਮਨਘੜਤ ਹਨ। 3...ਮੁਲਾਇਮ ਸਿੰਘ ਯਾਦਵ ਦੇ ਪਰਿਵਾਰ ਦੇ ਝਗੜੇ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ। ਅਖਿਲੇਸ਼ ਸਮਰਥਕ ਵਿਧਾਇਕ ਉਦੇਵੀਰ ਸਿੰਘ ਨੇ ਮੁਲਾਇਮ ਸਿੰਘ ਨੂੰ ਚਿੱਠੀ ਲਿਖ ਉਨ੍ਹਾਂ ਦੀ ਦੂਜੀ ਪਤਨੀ ਸਾਧਨਾ ਗੁਪਤਾ ਤੇ ਅਖਿਲੇਸ਼ ਵਿਰੁੱਧ ਸਾਜਿਸ਼ ਰਚਣ ਦਾ ਇਲਜ਼ਾਮ ਲਾਇਆ ਹੈ। ਚਿੱਠੀ ਵਿੱਚ ਉਦੇਵੀਰ ਨੇ ਲਿਖਿਆ ਕਿ ਸਾਧਨਾ ਗੁਪਤਾ ਸ਼ਿਵਪਾਲ ਨੂੰ ਮੋਹਰਾ ਬਣਾ ਕੇ ਅਖਿਲੇਸ਼ ਵਿਰੁੱਧ ਸਾਜਿਸ਼ ਕਰ ਰਹੀ ਹੈ। 4...ਸਰਹੱਦ ਤੇ ਸ਼ਹੀਦ ਹੋਏ ਜਵਾਨ ਸੁਦੇਸ਼ ਕੁਮਾਰ ਦੀ ਵਿਧਵਾ ਪਤਨੀ ਗੀਤਾ ਭੁੱਖ ਹੜਤਾਲ 'ਤੇ ਬੈਠੀ ਹੈ। ਰਾਜ ਸਰਕਾਰ ਵੱਲੋਂ ਮਿਲਿਆ 20 ਲੱਖ ਰੁਪਏ ਦਾ ਚੈੱਕ ਵਾਪਸ ਕਰ ਦਿੱਤਾ ਹੈ। ਗੀਤਾ ਦੀ ਮੰਗ ਹੈ ਕਿ ਸੀ.ਐਮ. ਖੁਦ ਉਨ੍ਹਾਂ ਦੇ ਘਰ ਆਉਣ। 5...ਜੰਮੂ ਕਸ਼ਮੀਰ ਦੇ ਰਾਜੌਰੀ ਵਿੱਚ ਵੱਡੀ ਮਾਤਰਾ ਵਿੱਚ ਜੰਗ ਲੱਗੇ ਹੈਂਡ ਗ੍ਰੇਨੇਡ ਤੇ ਗੋਲੀਆਂ ਬਰਾਮਦ ਹੋਈਆਂ ਹਨ। ਸੈਨਾ ਨੇ ਹਥਿਆਰਾਂ ਨੂੰ ਕਬਜ਼ੇ ਵਿੱਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ। 6...ਜੇ.ਐਨ.ਯੂ. ਤੋਂ ਗਾਇਬ ਵਿਦਿਆਰਥੀ ਨਜੀਬ ਅਹਿਮਦ ਦਾ 6 ਦਿਨ ਬਾਅਦ ਵੀ ਕੋਈ ਅਤਾ-ਪਤਾ ਨਹੀਂ। ਗ੍ਰਹਿ ਮੰਤਰਾਲੇ ਨੇ ਜਾਂਚ ਲਈ ਦਿੱਲੀ ਪੁਲਿਸ ਨੂੰ ਵਿਸ਼ੇਸ਼ ਟੀਮ ਬਣਾਉਣ ਦੇ ਆਦੇਸ਼ ਦਿੱਤੇ ਹਨ। ਏਬੀਵੀਪੀ ਦੇ ਇੱਕ ਵਿਦਿਆਰਥੀ ਨਾਲ ਝੜਪ ਦੇ ਅਗਲੇ ਦਿਨ ਤੋਂ ਨਜੀਬ ਲਾਪਤਾ ਹੈ। 7….ਉੱਤਰਾਖੰਡ ਦੇ ਰਾਮਨਗਰ ਵਿੱਚ ਪਿਛਲੇ ਤਕਰੀਬਨ 45 ਦਿਨਾਂ ਤੋਂ ਦਹਿਸ਼ਤ ਦਾ ਕਾਰਨ ਬਣੀ ਆਦਮਖੋਰ ਸ਼ੇਰਨੀ ਦਾ ਅੱਜ ਅੰਤ ਹੋ ਗਿਆ। ਇਹ ਆਦਮਖੋਰ ਸ਼ੇਰਨੀ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਚੁੱਕੀ ਸੀ ਤੇ ਕਈਆਂ ਨੂੰ ਜ਼ਖ਼ਮੀ ਕਰ ਚੁੱਕੀ ਸੀ। ਇਸ ਆਦਮਖੋਰ ਸ਼ੇਰਨੀ ਨੂੰ ਅੱਜ ਤੜਕੇ ਜੰਗਲਾਤ ਮਹਿਕਮੇ ਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਮਾਰ ਗਿਰਾਇਆ ਗਿਆ।