ਨਵੀਂ ਦਿੱਲੀ: ਗਾਂ ਰਕਸ਼ਕਾਂ ਨੂੰ ਨਕੇਲ ਪਾਉਣ ਦੀ ਮੰਗ ਉੱਤੇ ਸੁਪਰੀਮ ਕੋਰਟ ਤਿਆਰ ਹੋ ਗਿਆ ਹੈ। ਅਦਾਲਤ ਨੇ ਇਸ ਮਾਮਲੇ ਉੱਤੇ ਕੇਂਦਰ ਤੇ 6 ਰਾਜਾਂ ਨੂੰ 7 ਨਵੰਬਰ ਨੂੰ ਆਪਣਾ ਪੱਖ ਰੱਖਣ ਲਈ ਆਖਿਆ ਹੈ।
ਕਾਂਗਰਸੀ ਨੇਤਾ ਤਹਿਸੀਨ ਪੂਨਾਵਾਲਾ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ਵਿੱਚ ਆਖਿਆ ਗਿਆ ਹੈ ਕਿ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂ ਰਕਸ਼ਕਾਂ ਉੱਤੇ ਸਵਾਲ ਚੁੱਕੇ ਸਨ। ਪ੍ਰਧਾਨ ਮੰਤਰੀ ਵੱਲੋਂ ਆਖਿਆ ਗਿਆ ਸੀ ਕਿ ਗਾਂ ਰਕਸ਼ਕਾਂ ਦੇ ਨਾਮ ਉੱਤੇ ਸਰਗਰਮ 80 ਫ਼ੀਸਦੀ ਤੋਂ ਜ਼ਿਆਦਾ ਲੋਕ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹਨ। ਤਹਿਸੀਨ ਪੂਨਾਵਾਲਾ ਅਨੁਸਾਰ ਅਜੇ ਤੱਕ ਕਿਸੇ ਵੀ ਗਾਂ ਰਕਸ਼ਕ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣਾ ਹੈਰਾਨੀਜਨਕ ਹੈ।
ਪੂਨਾਵਾਲਾ ਦੇ ਅਨੁਸਾਰ ਕਈ ਰਾਜ ਗਾਂ ਰਕਸ਼ਕਾਂ ਨੂੰ ਕਾਨੂੰਨੀ ਮਾਨਤਾ ਦਿੰਦੇ ਹਨ। ਇਸ ਲਈ ਬਕਾਇਦਾ ਪਛਾਣ ਪੱਤਰ ਵੀ ਜਾਰੀ ਕੀਤੇ ਗਏ ਹਨ। ਪਟੀਸ਼ਨ ਵਿੱਚ ਜਿਨ੍ਹਾਂ ਛੇ ਰਾਜਾਂ ਦਾ ਹਵਾਲਾ ਦਿੱਤਾ ਗਿਆ ਹੈ ਉਨ੍ਹਾਂ ਵਿੱਚ ਗੁਜਰਾਤ, ਮਹਾਰਾਸ਼ਟਰ, ਯੂ .ਪੀ, ਝਾਰਖੰਡ, ਕਰਨਾਟਕ ਤੇ ਰਾਜਸਥਾਨ ਸ਼ਾਮਲ ਹਨ। ਪਟੀਸ਼ਨ ਵਿੱਚ ਨੰਦਿਨੀ ਸੁੰਦਰ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫ਼ੈਸਲਾ ਦਾ ਹਵਾਲਾ ਵੀ ਦਿੱਤਾ ਗਿਆ ਹੈ।