ਨਵੀਂ ਦਿੱਲੀ: ਕਾਂਗਰਸ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਤੋਂ ਕਿਨਾਰਾ ਕਰਨ ਮਗਰੋਂ ਨਵਜੋਤ ਸਿੰਘ ਸਿੱਧੂ ਜੰਗਬੰਦੀ ਦਾ ਪਰਚਮ ਝੁਲਾ ਰਹੇ ਹਨ। ਸਿੱਧੂ ਨੇ ਕਿਹਾ ਹੈ ਕਿ ਫੇਲ੍ਹ ਹੋਈ ਸਰਕਾਰ ਹੀ ਜੰਗ ਤਕ ਪਹੁੰਚਦੀ ਹੈ।


ਸਿੱਧੂ ਨੇ ਵੀਰਵਾਰ ਨੂੰ ਕਿਹਾ ਕਿ ਅਮਨ ਤੇ ਗੱਲਬਾਤ ਹੀ ਅੱਤਵਾਦ ਦਾ ਇੱਕੋ-ਇੱਕ ਹੱਲ ਹੈ। ਸਿੱਧੂ ਨੇ ਚਾਣਕਿਆ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਜੰਗ, ਜਿਸ ਵਿੱਚ ਰਾਜੇ ਦੀ ਜ਼ਿੰਦਗੀ ਸੁਰੱਖਿਅਤ ਰਹਿੰਦੀ ਹੈ, ਉਹ ਜੰਗ ਨਹੀਂ, ਇਹ ਸਿਆਸਤ ਹੈ। ਸ਼ੁੱਕਰਵਾਰ ਨੂੰ ਟਵਿੱਟਰ 'ਤੇ ਆਪਣੇ ਦੋਸਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਦੇ ਐਲਾਨ 'ਤੇ ਧੰਨਵਾਦ ਕੀਤਾ।


ਨਵਜੋਤ ਸਿੱਧੂ ਨੇ ਕਿਹਾ ਕਿ ਤੁਸੀਂ ਆਪਣੇ ਖੋਖਲੇ ਸਿਆਸੀ ਮੁਫਾਦਾਂ ਦੀ ਪੂਰਤੀ ਲਈ ਕਿੰਨੇ ਕੁ ਬੇਕਸੂਰਾਂ ਦੀਆਂ ਜਾਨਾਂ ਤੇ ਜਵਾਨਾ ਦੀ ਬਲੀ ਲਵੋਂਗੇ। ਇਸ ਤੋਂ ਪਹਿਲਾਂ ਸਿੱਧੂ ਨੇ ਲੰਮੀ ਖੁੱਲ੍ਹੀ ਚਿੱਠੀ ਲਿਖ ਲੋਕਾਂ ਨੂੰ ਦੇਸ਼ ਦਾ ਮੁਕੱਦਰ ਤੈਅ ਕਰਨ ਬਾਰੇ ਚੋਣ ਕਰਨ ਦੀ ਅਪੀਲ ਕੀਤੀ ਸੀ।