ਨਵੀਂ ਦਿੱਲੀ: ਨਵਜੋਤ ਸਿੱਧੂ ਦੇ ਅਸਤੀਫ਼ੇ 'ਤੇ ਸਸਪੈਂਸ ਖ਼ਤਮ ਹੋ ਚੁੱਕਾ ਹੈ।ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨਾਲ ਮਿਲ ਕੇ ਇਹ ਕਿਹਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਕੰਮ ਜਾਰੀ ਰੱਖਣਗੇ।ਨਵਜੋਤ ਸਿੱਧੂ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਸੀ।ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅਤੇ ਜਨਰਲ ਸੈਕਟਰੀ ਵੇਣੁਗੋਪਾਲ ਵੀ ਹਾਜ਼ਰ ਸੀ।


ਹਰੀਸ਼ ਰਾਵਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, "ਸਿੱਧੂ ਨੇ ਰਾਹੁਲ ਗਾਂਧੀ ਸਾਹਮਣੇ ਆਪਣੀਆਂ ਚਿੰਤਾਵਾਂ ਰੱਖੀਆਂ ਅਤੇ ਅਸੀਂ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦਾ ਜਲਦ ਹੱਲ ਕੱਢ ਲਿਆ ਜਾਏਗਾ।ਇਸ ਲਈ ਸਿੱਧੂ ਨੇ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ ਆਪਣਾ ਅਸਤੀਫ਼ਾ ਵਾਪਸ ਲੈਂਦੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਆਪਣੀ ਡਿਊਟੀ ਜਾਰੀ ਰੱਖਣਗੇ।"


ਉਧਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ, "ਮੇਰੇ ਜਿੰਨੇ ਵੀ Concerns ਸੀ, ਮੈਂ ਰਾਹੁਲ ਗਾਂਧੀ ਜੀ ਨਾਲ ਸਾਂਝੇ ਕੀਤੇ ਹਨ ਅਤੇ ਸਾਰੀਆਂ ਗੱਲ ਸੌਰਟ ਆਊਟ ਹੋ ਗਈਆਂ ਹਨ।"


 


 






 


ਨਵਜੋਤ ਸਿੱਧੂ ਨੇ 28 ਸਤੰਬਰ ਨੂੰ PPCC ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ 18 ਜੁਲਾਈ ਨੂੰ ਹੀ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਸੀ। ਸਿੱਧੂ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ 'ਚ ਕਿਹਾ ਕਿ ਸੀ "ਮੈਂ ਪੰਜਾਬ ਦੇ ਭਵਿੱਖ ਨਾਲ ਸਮਝੌਤਾ ਨਹੀਂ ਕਰ ਸਕਦਾ।" ਸਿੱਧੂ ਦੇ ਅਸਤੀਫ਼ੇ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫੇਰ ਹਲਚੱਲ ਪੈਦਾ ਹੋ ਗਈ ਸੀ।


ਦਰਅਸਲ ਪਿਛਲੇ ਸਮੇਂ ਵਿੱਚ ਪੰਜਾਬ ਵਜ਼ਾਰਤ ਬਾਰੇ ਹੋਏ ਫੈਸਲਿਆਂ ਬਾਰੇ ਹਾਈਕਮਾਨ ਨੇ ਸਿੱਧੂ ਨੂੰ ਖਾਸ ਅਹਿਮੀਅਤ ਨਹੀਂ ਦਿੱਤੀ ਸੀ। ਇਸ ਕਰਕੇ ਸਿੱਧੂ ਨਾਰਾਜ਼ ਸੀ। ਜਦੋਂ ਪੰਜਾਬ ਵਿੱਚ ਮੰਤਰੀਆਂ ਦੇ ਨਾਵਾਂ ਦਾ ਫੈਸਲਾ ਕੀਤਾ ਗਿਆ ਸੀ ਤਾਂ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਤੋਂ ਕੋਈ ਸਲਾਹ ਨਹੀਂ ਲਈ ਸੀ। 


ਰਾਹੁਲ ਨੇ ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਸਲਾਹ ਕਰਕੇ ਕੀਤਾ ਸੀ। ਨਵਜੋਤ ਸਿੱਧੂ ਇਸ ਵਿੱਚ ਕਿਤੇ ਵੀ ਸ਼ਾਮਲ ਨਹੀਂ ਸਨ। ਉਨ੍ਹਾਂ ਨੂੰ ਪਹਿਲੇ ਦਿਨ ਦੀ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ, ਪਰ ਜਦੋਂ ਰਾਹੁਲ ਗਾਂਧੀ ਸ਼ਿਮਲਾ ਤੋਂ ਵਾਪਸ ਆਏ ਤਾਂ ਸਿੱਧੂ ਨੂੰ ਮੀਟਿੰਗ ਵਿੱਚ ਸ਼ਾਮਲ ਨਹੀਂ ਕੀਤਾ ਗਿਆ।