ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਲੋਕ ਸਭਾ ਚੋਣਾਂ ਲਈ ਰੈਲੀਆਂ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਦੀ ਵੀਡੀਓ ਵਾਇਰਲ ਹੋ ਗਈ, ਜਿਸ ਵਿੱਚ ਉਹ ਮੀਡੀਆ ਨੂੰ ਸੰਬੋਧਨ ਕਰਦਿਆਂ ਮੋਦੀ ਤੇ ਬੀਜੇਪੀ 'ਤੇ ਤਵਾ ਲਾ ਰਹੇ ਹਨ। ਸਿੱਧੂ ਦੀ ਇਸ ਵੀਡੀਓ ਨੂੰ 50 ਘੰਟਿਆਂ ਵਿੱਚ 50 ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਸੀ ਤੇ ਹਾਲੇ ਵੀ ਅੰਕੜਾ ਵੱਧਦਾ ਜਾ ਰਿਹਾ ਹੈ। ਤਕਰੀਬਨ ਇੱਕ ਲੱਖ ਲੋਕਾਂ ਨੇ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਯਾਨੀ ਲਾਈਕ, ਡਿਸਲਾਈਕ, ਐਂਗਰੀ, ਹੈਪੀ ਆਦਿ ਦਿੱਤੀ ਤੇ 1.09 ਲੱਖ ਕੁਮੈਂਟ ਕੀਤੇ ਗਏ ਹਨ ਅਤੇ ਵੀਡੀਓ ਨੂੰ ਤਕਰੀਬਨ 63,000 ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ।


ਆਪਣੀ ਵੀਡੀਓ ਨੂੰ ਸਿੱਧੂ ਨੇ ਚੌਕੀਦਾਰ ਦੀ ਖੁੱਲ੍ਹ ਗਈ ਪੋਲ ਦੇ ਨਾਂਅ ਹੇਠ ਸਾਂਝਾ ਕੀਤਾ ਹੈ। ਇਸ ਵਿੱਚ ਉਹ ਮੋਦੀ ਖ਼ਿਲਾਫ਼ ਰਾਫਾਲ ਸੌਦੇ 'ਤੇ ਧਾਂਦਲੀ ਕਰਨ ਦਾ ਦੋਸ਼ ਲਾ ਰੇਹ ਹਨ। ਸਿੱਧੂ ਨੇ ਮੋਦੀ ਵੱਲੋਂ ਪਕੌੜੇ ਤਲਣ ਨੂੰ ਰੁਜ਼ਗਾਰ ਦੱਸਣ ਦਾ ਵੀ ਮਜ਼ਾਕ ਬਣਾਇਆ ਹੈ। ਇਸ ਤੋਂ ਇਲਾਵਾ ਸਿੱਧੂ ਨੇ ਬੀਜੇਪੀ 'ਤੇ ਕਈ ਹੋਰ ਨਿਸ਼ਾਨੇ ਵੀ ਲਾਏ।

ਨਵਜੋਤ ਸਿੱਧੂ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਪ੍ਰਚਲਿਤ ਸਿਆਸਤਦਾਨਾਂ ਵਿੱਚੋਂ ਇੱਕ ਹਨ। ਕਾਂਗਰਸ ਦੇ ਸੋਸ਼ਲ ਮੀਡੀਆ ਟੀਮ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸਿੱਧੂ ਦੀ ਵੀਡੀਓ 'ਤੇ ਕੋਈ ਵੀ ਮੁੱਲ ਦਾ ਲਾਈਕ ਜਾਂ ਵਿਊ ਨਹੀਂ ਹੈ, ਸਾਰੇ ਅਸਲੀ ਹਨ।

ਟੀਮ ਮੈਂਬਰ ਨੇ ਦੱਸਿਆ ਕਿ ਉਸੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਵੀ ਹੋਈ ਜਿਸ ਨੂੰ ਤਕਰੀਬਨ 10 ਲੱਖ ਲੋਕਾਂ ਨੇ ਦੇਖਿਆ ਹੈ, ਪਰ ਸਿੱਧੂ ਦੀ ਵੀਡੀਓ ਨੇ ਸਾਰੇ ਰਿਕਾਰਡ ਤੋੜ ਦਿੱਤੇ। ਹਾਲਾਂਕਿ, ਸਿੱਧੂ ਨੇ ਹੋਰ ਵੀ ਕਈ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਪਰ ਉਨ੍ਹਾਂ ਨੂੰ ਇੰਨਾ ਹੁੰਗਾਰਾ ਨਹੀਂ ਮਿਲਿਆ, ਜਿੰਨਾ ਇਸ ਵੀਡੀਓ ਨੂੰ ਦਿੱਤਾ ਗਿਆ ਹੈ।

ਦੇਖੋ ਵੀਡੀਓ-