ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨੋਟਬੰਦੀ ਦੀ ਦੂਜੀ ਵਰ੍ਹੇਗੰਢ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ 'ਏਬੀਪੀ ਨਿਊਜ਼' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਖਰੀਆਂ-ਖਰੀਆਂ ਸੁਣਾਈਆਂ। ਸਿੱਧੂ ਨੇ ਕਿਹਾ ਕਿ ਮੋਦੀ ਲਹਿਰ ਬਣ ਕੇ ਆਇਆ ਸੀ ਪਰ ਲੋਕਾਂ 'ਤੇ ਕਹਿਰ ਬਣ ਕੇ ਵਰ੍ਹ ਗਿਆ।


'ਏਬੀਪੀ ਨਿਊਜ਼' ਨਾਲ ਖ਼ਾਸ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਮੋਦੀ ਨੇ ਨੋਟਬੰਦੀ ਨਾਲ ਆਮ ਆਦਮੀ ਦਾ ਲੱਕ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਨੋਟਬੰਦੀ ਤੋਂ ਬਾਅਦ ਛੋਟੋ ਨੋਟ ਬਣਦੇ ਹਨ ਪਰ ਮੋਦੀ ਸਰਕਾਰ ਨੇ ਦੋ-ਦੋ ਹਜ਼ਾਰ ਦੇ ਵੱਡੇ ਨੋਟ ਬਣਾ ਸੁੱਟੇ। ਉਨ੍ਹਾਂ ਸਵਾਲ ਚੁੱਕਿਆ ਕਿ ਗ਼ਰੀਬ ਆਦਮੀ ਦੋ ਹਜ਼ਾਰ ਦੇ ਨੋਟ ਦਾ ਕੀ ਕਰੇਗਾ?

ਸਿੱਧੂ ਨੇ ਨੋਟਬੰਦੀ ਦੇ ਫ਼ਰਮਾਨ ਨੂੰ 'ਤੁਗ਼ਲਕੀ' ਕਰਾਰ ਦਿੰਦਿਆਂ ਕਿਹਾ ਕਿ ਗ਼ਰੀਬ ਨੂੰ ਨੋਟਬੰਦੀ ਦੀ ਸਭ ਤੋਂ ਵੱਧ ਮਾਰ ਪਈ। ਕੈਬਨਿਟ ਮੰਤਰੀ ਨੇ ਪੀਐਮ ਨਰੇਂਦਰ ਮੋਦੀ ਵਿਰੁੱਧ ਵਾਅਦਾਖ਼ਿਲਾਫ਼ੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਟੈਕਸ ਅਦਾ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ GST ਨਾਲ ਹੋਇਆ ਨਾ ਕਿ ਨੋਟਬੰਦੀ ਨਾਲ। ਉਨ੍ਹਾਂ ਕਿਹਾ ਕਿ ਕੇਂਦਰੀ ਰਿਜ਼ਰਵ ਬੈਂਕ ਦੀ ਆਮਦਨ ਕਿਵੇਂ ਘੱਟ ਹੋ ਗਈ ਤੇ ਮੋਦੀ ਸਰਕਾਰ ਨੂੰ ਆਰਬੀਆਈ ਦਾ ਫਿਕਰ ਹੀ ਨਹੀਂ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਗ਼ਰੀਬਾਂ ਨੂੰ 15 ਲੱਖ ਦਾ ਸੁਫ਼ਨਾ ਵੇਚਿਆ ਅਤੇ ਸਰਕਾਰ ਖ਼ੁਦ ਤਿੰਨ ਸਾਲਾਂ ਤੋਂ 'ਬਲੈਕ ਮਨੀ' ਵਾਲਿਆਂ ਦੀ ਲਿਸਟ ਦੱਬੀ ਬੈਠੀ ਹੈ। ਸਿੱਧੂ ਨੇ ਕਿਹਾ ਕਿ 90 ਲੱਖ ਕਰੋੜ ਰੁਪਏ ਹੁਣ ਡਾਲਰ, ਯੂਰੋ ਤੇ ਪੌਂਡ ਨੂੰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਮੋਦੀ ਨੂੰ ਚੈਲੰਜ ਕਰਦਿਆਂ ਕਿਹਾ ਕਿ ਅਸੀਂ ਤਾਂ ਸਵਾਲ ਕਰਾਂਗੇ, ਹੁਣ ਪ੍ਰਧਾਨ ਮੰਤਰੀ ਜਵਾਬ ਦੇਣ।

ਦੇਖੋ ਨਵਜੋਤ ਸਿੰਘ ਸਿੱਧੂ ਦਾ ਪੂਰਾ ਇੰਟਰਵਿਊ-