ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਵੋਕਲ ਕੌਰਡਸ (ਕੰਠ) ਦੀ ਸਮੱਸਿਆ ਨਾਲ ਜੂਝ ਰਹੇ ਹਨ। ਪਿਛਲੇ ਦਿਨੀਂ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਦੀ ਸਲਾਹ ਦਿੱਤੀ ਸੀ। ਅੱਜ ਟਵੀਟ ਕਰਕੇ ਸਿੱਧੂ ਨੇ ਕਿਹਾ ਹੈ ਕਿ ਹੁਣ ਬਿਲਕੁਲ ਠੀਕ ਹਨ। ਉਨ੍ਹਾਂ ਲਿਖਿਆ ਕਿ ਹੁਣ ਮੈਂ ਪੂਰੀ ਤਰ੍ਹਾਂ ਠੀਕ ਹਾਂ। ਤਿੰਨ ਦਿਨਾਂ ਦੇ ਆਰਾਮ ਨੇ ਚੰਗੀ ਕੰਮ ਕੀਤਾ ਹੈ। ਮੈਂ ਫਿੱਟ ਤੇ ਬਿਹਤਰ ਮਹਿਸੂਸ ਕਰ ਰਿਹਾ ਹਾਂ। ਚੌਥੀ ਰਾਤ ਵੀ ਆਰਾਮ ਕਾਫੀ ਕੰਮ ਕਰੇਗਾ। ਕੱਲ੍ਹ ਉਹ ਚੰਡੀਗੜ੍ਹ ਵਾਪਸ ਆਉਣਗੇ।



ਨਵਜੋਤ ਸਿੰਧ ਸਿੱਧੂ ਨੇ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਸਬੰਧੀ ਕਾਂਗਰਸ ਉਮੀਦਵਾਰਾਂ ਦੇ ਪੱਖ ’ਚ 17 ਦਿਨਾਂ ਤੋਂ ਲਗਾਤਾਰ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਲਗਪਗ 70 ਰੈਲੀਆਂ ਨੂੰ ਸੰਬੋਧਨ ਕੀਤਾ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਦੀਆਂ ਵੋਕਲ ਕੌਰਡਸ ਵਿੱਚ ਕਾਫੀ ਦਿੱਕਤ ਆ ਗਈ ਸੀ। ਇਸੇ ਦੌਰਾਨ ਸਿੱਧੂ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਾਕਿਸਤਾਨ ਵੀ ਗਏ ਸਨ।

ਸਰਕਾਰੀ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਜ਼ਿਆਦਾ ਵਿਅਸਤ ਪ੍ਰੋਗਰਾਮਾਂ ਦੀ ਵਜ੍ਹਾ ਕਰਕੇ ਸਿੱਧੂ ਦੇ ਗਲੇ ਨੂੰ ਨੁਕਸਾਨ ਪੁੱਜਾ ਹੈ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਵਾਜ਼ ਜਾਣ ਦਾ ਖਤਰਾ ਹੈ। ਇਸ ਲਈ ਉਨ੍ਹਾਂ ਨੂੰ ਤਿੰਨ ਤੋਂ ਪੰਜ ਦਿਨਾਂ ਤਕ ਆਰਾਮ ਕਰਨ ਦੀ ਸਲਾਹ ਦਿੱਤੀ ਸੀ।