ਚੰਡੀਗੜ੍ਹ: ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਪਹੁੰਚੇ ਹੋਏ ਹਨ। ਅਜਿਹੇ ਵਿੱਚ ਕਿਆਸ ਲਾਏ ਜਾ ਰਹੇ ਹਨ ਕਿ ਅੱਜ ਉਹ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ ਕਰ ਸਕਦੇ ਹਨ ਤੇ ਇਸ ਦੇ ਨਾਲ ਹੀ ਉਹ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਆਏ ਸੱਦੇ ਬਾਰੇ ਵੀ ਅੰਬੈਸੀ ਜਾ ਕੇ ਵੀ ਗੱਲਬਾਤ ਕਰ ਸਕਦੇ ਹਨ। ਹਾਲਾਂਕਿ ਉਨ੍ਹਾਂ ਹਾਲੇ ਸਾਫ ਨਹੀਂ ਕੀਤਾ ਕਿ ਉਹ ਲਾਂਘੇ ਦੇ ਉਦਘਾਟਨ ਲਈ ਪਾਕਿਸਤਾਨ ਜਾਣਗੇ ਜਾਂ ਨਹੀਂ।


ਦੱਸ ਦੇਈਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਵਾਰ ਫੇਰ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੈ। ਪਰ ਇਸ ਵਾਰ ਸੱਦਾ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ‘ਚ ਸ਼ਾਮਲ ਹੋਣ ਦਾ ਦਿੱਤਾ ਗਿਆ ਹੈ। ਸਿੱਧੂ ਨੂੰ ਇਹ ਸੱਦਾ ਇਮਰਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਵੱਲੋਂ ਭੇਜਿਆ ਗਿਆ ਹੈ।


ਉੱਧਰ ਸਿੱਧੂ ਨੂੰ ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਵੱਲੋਂ ਭੇਜੇ ਗਏ ਸੱਦੇ ਤੋਂ ਬਾਅਦ ਭਾਰਤ ਦੀ ਸਿਆਸਤ ਫਿਰ ਤੋਂ ਗਰਮਾ ਗਈ ਹੈ। ਇਸ ਮੁੱਦੇ 'ਤੇ ਕੁਝ ਸਮਾਂ ਪਹਿਲਾਂ ਹੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਜਿਸ 'ਚ ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਕੌਰੀਡੌਰ ਨੂੰ ਲੈ ਕੇ ਸਿੱਧੂ ਦਾ ਵੱਡਾ ਯੋਗਦਾਨ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ।


ਸੁਨੀਲ ਜਾਖੜ ਤੋਂ ਬਾਅਦ ਕੈਪਟਨ ਦੇ ਜੂਨੀਅਰ ਰਾਜਾ ਵੜਿੰਗ ਨੇ ਵੀ ਸਿੱਧੂ ਦਾ ਪੱਖ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਪਾਕਿਸਤਾਨ ਨੇ ਉਨ੍ਹਾਂ ਨੂੰ ਬੁਲਾਇਆ ਹੈ ਤਾਂ ਸਿੱਧੂ ਨੂੰ ਜ਼ਰੂਰ ਜਾਣਾ ਚਾਹਿਦਾ ਹੈ। ਇਸ ਦੇ ਨਾਲ ਹੀ ਵੜਿੰਗ ਨੇ ਕਿਹਾ ਕਿ ਕੌਰੀਡੌਰ ਖੁਲ੍ਹਵਾਉਣ 'ਚ ਸਿੱਧੂ ਦਾ ਅਹਿਮ ਯੋਗਦਾਨ ਰਿਹਾ ਹੈ।