ਨਵੀਂ ਦਿੱਲੀ: ਹਿੰਦੂ ਯੁਵਾ ਵਾਹਿਨੀ ਦੀ ਧਮਕੀ ’ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਾਰਾ ਜਵਾਬ ਦਿੱਤਾ ਹੈ। ਦਰਅਸਲ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸੰਗਠਨ ਹਿੰਦੂ ਯੁਵਾ ਵਾਹਿਨੀ ਨੇ ਟਵੀਟ ਜ਼ਰੀਏ ਨਵਜੋਤ ਸਿੰਘ ਸਿੱਧੂ ਦਾ ਸਿਰ ਕਲਮ ਕਰਨ ਵਾਲੇ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਦੀ ਐਲਾਨ ਕੀਤਾ ਸੀ। ਸੰਗਠਨ ਨੇ ਸਿੱਧੂ ’ਤੇ ਯੋਗੀ ਨੂੰ ਮਾੜੇ ਸ਼ਬਦ ਕਹਿਣ ਦਾ ਇਲਜ਼ਾਮ ਲਾਇਆ ਹੈ। ਸੰਗਠਨ ਦੇ ਆਗਰਾ ਯੂਨਿਟ ਦੇ ਪ੍ਰਧਾਨ ਤਰੁਣ ਸਿੰਘ ਨੇ ਸਿੱਧੂ ਦੇ ਸ਼ਹਿਰ ਆਉਣ ’ਤੇ ਉਨ੍ਹਾਂ ਦੇ ਟੁਕੜੇ-ਟੁਕੜੇ ਕਰਨ ਦੀ ਵੀ ਚੇਤਾਵਨੀ ਦਿੱਤੀ।



ਹੁਣ ਸਿੱਧੂ ਨੇ ਵੀ ਟਵੀਟ ਕਰ ਕੇ ਇਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ, ‘ਡਰਪੋਕ ਅਪਨੀ ਮੌਤ ਸੇ ਪਹਿਲੇ ਕਈ ਬਾਰ ਮਰਤੇ ਹੈਂ, ਲੇਕਿਨ ਬਹਾਦੁਰ ਮੌਤ ਕਾ ਸਵਾਦ ਏਕ ਬਾਰ ਹੀ ਚਖਤੇ ਹੈਂ।’ ਉਨ੍ਹਾਂ ਲਿਖਿਆ ਕਿ ਮੈਂ ਉਸ ਜਗ੍ਹਾ ਰਹਿੰਦਾ ਹਾਂ ਜਿੱਥੇ ਮਨ ਵਿੱਚ ਕੋਈ ਡਰ ਨਹੀਂ ਹੁੰਦਾ ਤੇ ਸਿਰ ਉੱਚਾ ਰਹਿੰਦਾ ਹੈ। ਡਰ ਉਨ੍ਹਾਂ ਨੂੰ ਡਰਾਉਂਦਾ ਨਹੀਂ ਤੇ ਉਨ੍ਹਾਂ ਨੂੰ ਆਪਣੇ ਆਪ ’ਤੇ ਪੂਰਾ ਭਰੋਸਾ ਹੈ। ਉਨ੍ਹਾਂ ਭਾਰਤ ਦੇ ਲੋਕਤੰਤਰ ਤੇ ਸੰਵਿਧਾਨ ਦੀ ਭਾਵਨਾ ’ਤੇ ਵੀ ਭਰੋਸਾ ਜਤਾਇਆ।



ਧਮਕੀ ਮਿਲਣ ਬਾਅਦ ਸਿੱਧੂ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੀਐਮ ਮੋਦੀ ਐਂਡ ਕੰਪਨੀ ਗੌਰੀ ਲੰਕੇਸ਼ ਵਰਗੇ ਲੋਕਾਂ ਦੀ ਆਵਾਜ਼ ਧਮਕਾ ਕੇ, ਡਰਾ ਕੇ ਜਾਂ ਜੇਲ੍ਹ ਭੇਜ ਕੇ ਲੋਕਤੰਤਰ ਦੀ ਭਾਵਨਾ ਦਾ ਕਤਲ ਕਰ ਰਹੀ ਹੈ। ਦਰਅਸਲ ਰਾਜਸਥਾਨ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਯੋਗੀ ’ਤੇ ਤਿੱਖਾ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਚੌਕੀਦਾਰ ਤਾਂ ਚੋਰ ਸੀ, ਉਸ ਦਾ ਕੁੱਤਾ ਵੀ ਚੋਰ ਨਾਲ ਮਿਲ ਗਿਆ ਤੇ ਯੋਗੀ ਸਭ ਤੋਂ ਵੱਡਾ ਭੋਗੀ ਹੈ। ਇਸ ਬਿਆਨ ਤੋਂ ਬਾਅਦ ਹਿੰਦੂ ਯੁਵਾ ਵਾਹਿਨੀ ਨੇ ਸਿੱਧੂ ਦਾ ਸਿਰ ਕਲਮ ਕਰਨ ਵਾਲੇ ਨੂੰ ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਸੀ।