ਨਵੀਂ ਦਿੱਲੀ: ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਏਬੀਪੀ ਨਿਊਜ਼ ਤੇ ਸੀ-ਵੋਟਰ ਨੇ ਜਾਣਿਆ ਹੈ ਦੇਸ਼ ਦਾ ਮੂਡ। ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਏ ਸਭ ਤੋਂ ਵੱਡੇ ਸਰਵੇਖਣ ਵਿੱਚ ਇਸ ਵਾਰ ਵੀ ਸੱਤਾ ਦੀ ਕੁੰਜੀ ਉੱਤਰ ਪ੍ਰਦੇਸ਼ ਵਾਲਿਆਂ ਹੱਥ ਦਿਖਾਈ ਦੇ ਰਹੀ ਹੈ। ਸਰਵੇਖਣ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਜੇਕਰ ਯੂਪੀ ਵਿੱਚ ਸਮਾਜਵਾਦੀ ਵਾਰਟੀ (ਐਸਪੀ) ਤੇ ਬਹੁਜਨ ਸਮਾਜ ਪਾਰਟੀ (ਬੀਐਸਪੀ) ਦਾ ਗਠਜੋੜ ਨਹੀਂ ਹੁੰਦਾ ਤਾਂ ਐਨਡੀਏ ਬਹੁਮਤ ਨਾਲ ਸੱਤਾ ਵਿੱਚ ਵਾਪਸ ਆਵੇਗੀ, ਪਰ ਜੇਕਰ ਅਜਿਹਾ ਹੋ ਗਿਆ ਤਾਂ ਸਿਆਸੀ ਸਮੀਕਰਨ ਬਦਲ ਜਾਣਗੇ।


ਸਰਵੇਖਣ ਮੁਤਾਬਕ ਜੇਕਰ ਯੂਪੀ ਵਿੱਚ ਮਹਾਂਗਠਜੋੜ ਨਹੀਂ ਬਣਦਾ ਤਾਂ ਐਨਡੀਏ 291 ਸੀਟਾਂ ਜਿੱਤਣ ਵਿੱਚ ਕਾਮਯਾਬ ਹੋਵੇਗੀ। ਉੱਥੇ ਹੀ ਯੂਪੀ ਵਿੱਚ ਯੂਪੀਏ 171 ਦੇ ਅੰਕੜੇ 'ਤੇ ਸੁੰਗੜ ਸਕਦਾ ਹੈ। ਜੇਕਰ ਮਹਾਂਗਠਜੋੜ ਹੋ ਜਾਂਦਾ ਹੈ ਤਾਂ ਐਨਡੀਏ ਨੂੰ 247 ਸੀਟਾਂ ਹੀ ਮਿਲਣ ਦਾ ਹੀ ਅੰਦਾਜ਼ਾ ਹੈ। ਇਸ ਹਿਸਾਬ ਨਾਲ ਮਹਾਂਗਠਜੋੜ ਐਨਡੀਏ ਲਈ ਬੇਹੱਦ ਚੁਣੌਤੀਪੂਰਨ ਨਜ਼ਰ ਆ ਰਿਹਾ ਹੈ।

ਯੂਪੀ ਵਿੱਚ ਜੇਕਰ ਮਾਇਆਵਤੀ ਤੇ ਅਖਿਲੇਸ਼ ਯਾਦਵ ਇਕੱਠੇ ਆਉਂਦੇ ਹਨ ਤਾਂ ਉਹ ਐਨਡੀਏ ਨੂੰ ਕੌਮੀ ਪੱਧਰ 'ਤੇ ਧੋਬੀ ਪਟਕਾ ਦੇ ਸਕਦੇ ਹਨ। ਪਿਛਲੀ ਵਾਰ ਯੂਪੀ ਵਿੱਚ 73 ਸੀਟਾਂ ਜਿੱਤਣ ਵਾਲੇ ਐਨਡੀਏ ਨੂੰ ਵੱਡਾ ਨੁਕਸਾਨ ਹੋਵੇਗਾ। ਸਰਵੇਖਣ ਮੁਤਾਬਕ ਯੂਪੀ ਵਿੱਚ ਐਸਪੀ-ਬੀਐਸਪੀ ਦੇ ਨਾਲ-ਨਾਲ ਲੜਨ 'ਤੇ ਐਨਡੀਏ ਸੂਬੇ ਵਿੱਚ ਸਿਰਫ 28 ਲੋਕ ਸਭਾ ਸੀਟਾਂ ਜਿੱਤ ਸਕਦੀ ਹੈ। ਇਸ ਤੋਂ ਇਲਾਵਾ ਮਹਾਂਗਠਜੋੜ 50 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੇਗਾ। ਇਸ ਦੌਰਾਨ ਸਰਵੇਖਣ ਮੁਤਾਬਕ ਕਾਂਗਰਸ ਪਿਛਲੀ ਵਾਰ ਵਾਂਗ ਦੋ ਸੀਟਾਂ 'ਤੇ ਹੀ ਸੁੰਗੜ ਸਕਦੀ ਹੈ।