Omicron in Delhi: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਕੋਰੋਨਾ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਪਰ ਮਾਸਕ ਪਹਿਨਦੇ ਰਹੋ। ਇਸ ਸਮੇਂ ਬਾਜ਼ਾਰਾਂ 'ਚ ਭਾਰੀ ਭੀੜ ਹੈ ਪਰ ਲੋਕ ਮਾਸਕ ਨਹੀਂ ਪਹਿਨ ਰਹੇ ਹਨ। ਸੀਐਮ ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਅਸੀਂ ਕੋਰੋਨਾ ਨਾਲ ਨਜਿੱਠਣ ਲਈ 10 ਗੁਣਾ ਤਿਆਰ ਹਾਂ ਤੇ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦਿੱਲੀ 'ਚ ਲਾਗੂ ਕੀਤਾ ਜਾਵੇਗਾ। Omicron ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ।

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਪਿਛਲੇ ਕੁਝ ਦਿਨਾਂ ਵਿਚ 0.5 ਪ੍ਰਤੀਸ਼ਤ ਸਕਾਰਾਤਮਕਤਾ ਦਰ ਹੈ ਅਤੇ ਅਸੀਂ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਯਾਨੀ ਯੈਲੋ ਅਲਰਟ ਦੇ ਲੈਵਲ-1 ਨੂੰ ਲਾਗੂ ਕਰ ਰਹੇ ਹਾਂ। ਪਾਬੰਦੀਆਂ ਦਾ ਵਿਸਤ੍ਰਿਤ ਆਦੇਸ਼ ਜਾਰੀ ਕੀਤਾ ਜਾਵੇਗਾ ਤੇ ਜਲਦੀ ਹੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ ਦੇ ਮਾਮਲੇ ਹਲਕੇ ਹਨ, ਇਨਫੈਕਸ਼ਨ ਦੇ ਮਾਮਲੇ ਵਧਣ ਦੇ ਬਾਵਜੂਦ ਆਕਸੀਜਨ ਜਾਂ ਵੈਂਟੀਲੇਟਰ ਦੀ ਵਰਤੋਂ ਨਹੀਂ ਵਧੀ ਹੈ।

'ਯੈਲੋ' ਅਲਰਟ ਉਦੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਕੋਵਿਡ ਦੀ ਲਾਗ ਦੀ ਦਰ ਲਗਾਤਾਰ ਦੋ ਦਿਨਾਂ ਤਕ 0.5 ਪ੍ਰਤੀਸ਼ਤ ਤੋਂ ਵੱਧ ਰਹਿੰਦੀ ਹੈ। ਇਸ ਵਿਚ ਰਾਤ ਦਾ ਕਰਫਿਊ ਲਗਾਉਣਾ, ਸਕੂਲਾਂ ਤੇ ਕਾਲਜਾਂ ਨੂੰ ਬੰਦ ਕਰਨਾ, ਔਡ-ਈਵਨ ਦੇ ਆਧਾਰ 'ਤੇ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣਾ ਤੇ ਮੈਟਰੋ ਟਰੇਨਾਂ ਤੇ ਜਨਤਕ ਟਰਾਂਸਪੋਰਟ ਬੱਸਾਂ ਵਿਚ ਯਾਤਰੀਆਂ ਦੀ ਬੈਠਣ ਦੀ ਸਮਰੱਥਾ ਨੂੰ ਅੱਧਾ ਕਰਨਾ ਸ਼ਾਮਲ ਹੈ। ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਰਾਤ ਦਾ ਕਰਫਿਊ ਲਗਾਇਆ ਹੈ ਜੋ ਅਗਲੇ ਹੁਕਮਾਂ ਤਕ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਜਾਰੀ ਰਹੇਗਾ।

ਭਾਰਤ ਦੇ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਓਮੀਕਰੋਨ ਦੇ 653 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚੋਂ 186 ਲੋਕ ਠੀਕ ਹੋ ਚੁੱਕੇ ਹਨ ਜਾਂ ਵਿਦੇਸ਼ ਚਲੇ ਗਏ ਹਨ। ਮਹਾਰਾਸ਼ਟਰ 'ਚ ਓਮੀਕਰੋਨ ਦੇ ਸਭ ਤੋਂ ਵੱਧ 167 ਮਾਮਲੇ ਹਨ। ਇਸ ਤੋਂ ਬਾਅਦ ਦਿੱਲੀ 'ਚ 165, ਕੇਰਲ 'ਚ 57, ਤੇਲੰਗਾਨਾ 'ਚ 55, ਗੁਜਰਾਤ 'ਚ 49 ਅਤੇ ਰਾਜਸਥਾਨ 'ਚ 46 ਮਾਮਲੇ ਸਾਹਮਣੇ ਆਏ ਹਨ। ਦੇਸ਼ 'ਚ ਪਿਛਲੇ 24 ਘੰਟਿਆਂ 'ਚ 6,358 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ ਜਦਕਿ 293 ਲੋਕਾਂ ਦੀ ਮੌਤ ਹੋ ਗਈ ਹੈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904