ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਕਾਰਨ ਗ੍ਰਹਿ ਮੰਤਰਾਲੇ ਨੇ ਮਜ਼ਦੂਰਾਂ ਨੂੰ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਜਾਣ 'ਤੇ ਰੋਕ ਲਾ ਦਿੱਤੀ ਹੈ। ਗ੍ਰਹਿ ਮੰਤਰਾਲੇ ਵੱਲੋਂ ਹੋਈ ਮੰਤਰੀ ਸਮੂਹ ਦੀ ਬੈਠਕ ਤੋਂ ਬਾਅਦ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ 'ਚ ਸੂਬਾ ਸਰਕਾਰਾਂ ਨੂੰ ਸੂਚਿਤ ਕੀਤਾ ਗਿਆ ਕਿ ਜੋ ਜਿੱਥੇ ਹੈ, ਉੱਥੇ ਹੀ ਰਹੇ। ਸੂਬਾਂ ਸਰਕਾਰਾਂ ਉਨ੍ਹਾਂ ਨੂੰ ਉਨ੍ਹਾਂ ਦੇ ਹੁਨਰ ਦੇ ਹਿਸਾਬ ਨਾਲ ਕੰਮ ਦੇਣ।


ਗ੍ਰਹਿ ਮੰਤਰਾਲੇ ਨੇ ਲੌਕਡਾਊਨ 'ਤੇ 15-16 ਅਪ੍ਰੈਲ ਨੂੰ ਜਾਰੀ ਕੀਤੀਆਂ ਹਦਾਇਤਾਂ 'ਚ ਵੀ ਸੋਧ ਕੀਤੀ ਹੈ। ਇਸ 'ਚ ਕਿਹਾ ਗਿਆ ਕਿ ਈ-ਕਾਮਰਸ ਕੰਪਨੀਆਂ ਵੱਲੋਂ ਗੈਰ-ਜ਼ਰੂਰੀ ਚੀਜ਼ਾਂ ਦੀ ਸਪਲਾਈ ਨਹੀਂ ਕੀਤੀ ਜਾ ਸਕੇਗੀ। ਇਸ 'ਤੇ ਰੋਕ ਜਾਰੀ ਰਹੇਗੀ। ਯਾਨੀ ਇਨ੍ਹਾਂ ਕੰਪਨੀਆਂ ਤੋਂ ਫਿਲਹਾਲ ਮੋਬਾਈਲ, ਟੀਵੀ, ਫਰਿੱਜ ਤੇ ਰੈਡੀਮੇਡ ਕੱਪੜੇ ਜਿਹਾ ਗੈਰ-ਜ਼ਰੂਰੀ ਸਾਮਾਨ ਨਹੀਂ ਖਰੀਦਿਆ ਜਾ ਸਕੇਗਾ। ਸਰਕਾਰ ਨੇ ਚਾਰ ਦਿਨ ਪਹਿਲਾਂ ਜਾਰੀ ਗਾਈਡਲਾਇਨਜ਼ 'ਚ ਈ-ਕਾਮਰਸ ਕੰਪਨੀਆਂ ਨੂੰ 20 ਅਪ੍ਰੈਲ ਤੋਂ ਸਾਰੇ ਸਾਮਾਨ ਦੀ ਸਪਲਾਈ ਦੀ ਛੋਟ ਦੇ ਦਿੱਤੀ ਸੀ।


ਦੇਸ਼ 'ਚ ਕੋਰੋਨਾ ਪੀੜਤਾਂ ਦੀ ਸੰਖਿਆ 16,071 ਹੋ ਗਈ ਹੈ। ਐਤਵਾਰ ਗੁਜਰਾਤ 'ਚ 228, ਰਾਜਸਥਾਨ 'ਚ 80, ਆਂਧਰਾ ਪ੍ਰਦੇਸ਼ 'ਚ 44, ਪੱਛਮੀ ਬੰਗਾਲ 'ਚ 23, ਕਰਨਾਟਕ 'ਚ 4 ਤੇ ਬਿਹਾਰ 'ਚ 1 ਮਰੀਜ਼ ਦੀ ਕੋਰੋਨਾ ਰਿਪੋਰਟ ਪੌਜ਼ਟਿਵ ਆਈ ਹੈ। ਦੇਸ਼ 'ਚ ਸ਼ਨੀਵਾਰ ਸਭ ਤੋਂ ਜ਼ਿਆਦਾ 1,371 ਮਾਮਲੇ ਸਾਹਮਣੇ ਆਏ ਤੇ ਇਕ ਦਿਨ 'ਚ ਸਭ ਤੋਂ ਜ਼ਿਆਦਾ 426 ਮਰੀਜ਼ ਠੀਕ ਹੋਏ।


ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ 'ਚ 15,712 ਕੋਰੋਨਾ ਪੌਜ਼ਟਿਵ ਮਰੀਜ਼ ਹਨ। ਇਨ੍ਹਾਂ 'ਚੋਂ 12,974 ਦਾ ਇਲਾਜ ਚੱਲ ਰਿਹਾ ਹੈ, 2,230 ਠੀਕ ਹੋ ਚੁੱਕੇ ਹਨ ਤੇ 507 ਦੀ ਮੌਤ ਹੋ ਚੁੱਕੀ ਹੈ।