ਇੰਦੌਰ: ਰਿਜ਼ਰਵ ਬੈਂਕ ਛੇਤੀ ਹੀ ਬਾਜ਼ਾਰ ਚ 100 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। ਨਵਾਂ ਨੋਟ ਬੈਂਗਣੀ ਰੰਗ ਦਾ ਹੋਵੇਗਾ। ਇਸ ਦਾ ਸਾਈਜ਼ ਪੁਰਾਣੇ ਨੋਟ ਤੋਂ ਛੋਟਾ ਹੋਵੇਗਾ। ਸਾਈਜ਼ ਦੇ ਨਾਲ-ਨਾਲ ਨਵੇਂ ਨੋਟਾਂ ਦਾ ਵਜ਼ਨ ਵੀ ਘੱਟ ਹੋਵੇਗਾ।


ਨਵੇਂ ਨੋਟ ਦੀ ਖਾਸੀਅਤ

ਨਵੇਂ ਨੋਟਾਂ ਦੇ ਜਾਰੀ ਹੋਣ ਤੋਂ ਬਾਅਦ ਵੀ ਪੁਰਾਣੇ ਨੋਟ ਚਲਦੇ ਰਹਿਣਗੇ। ਸੌ ਦੇ ਨਵੇਂ ਨੋਟਾਂ ਦੀ ਛਪਾਈ ਬੈਂਕ ਨੋਟ ਪ੍ਰੈੱਸ ਦੇਵਾਸ ਵਿੱਚ ਸ਼ੁਰੂ ਹੋ ਚੁੱਕੀ ਹੈ। ਨੋਟ ਦੇ ਨਵੇਂ ਡਿਜ਼ਾਇਨ ਨੂੰ ਅੰਤਿਮ ਰੂਪ ਮੈਸੂਰ ਦੀ ਓਸੀ ਪ੍ਰਿਟਿੰਗ ਪ੍ਰੈੱਸ ਵਿੱਚ ਦਿੱਤਾ ਗਿਆ, ਜਿੱਥੇ 2000 ਦੇ ਨੋਟ ਛਾਪੇ ਜਾਂਦੇ ਹਨ। ਨਵੇਂ ਨੋਟ ਵਿੱਚ ਸਵਦੇਸ਼ੀ ਸਿਆਹੀ ਤੇ ਕਾਗਜ਼ ਦੀ ਵਰਤੋਂ ਹੋਵੇਗੀ। ਨਵੇਂ ਨੋਟਾਂ ਨੂੰ ਸਿਰਫ ਅਲਟ੍ਰਾ ਵਾਇਲਟ ਰੌਸ਼ਨੀ 'ਚ ਹੀ ਦੇਖਿਆ ਜਾ ਸਕੇਗਾ।

ਨਵੇਂ ਨੋਟਾਂ 'ਤੇ ਯੂਨੈਸਕੋ ਸੂਚੀ 'ਚ ਸ਼ਾਮਲ ਗੁਜਰਾਤ ਦੀ ਇਤਿਹਾਸਕ ਰਾਣੀ ਬਾਵ ਦੀ ਝਲਕ ਦੇਖਣ ਨੂੰ ਮਿਲੇਗੀ। ਗੁਜਰਾਤ ਦੇ ਪਾਟਣ 'ਚ ਸਥਿਤ ਰਾਣੀ ਦੀ ਬਾਵੜੀ ਨੂੰ ਯੂਨੈਸਕੋ ਨੇ 2014 'ਚ ਵਿਸ਼ਵ ਵਿਰਾਸਤ 'ਚ ਸ਼ਾਮਲ ਕੀਤਾ ਸੀ। ਭਾਰਤੀ ਰਿਜ਼ਰਵ ਬੈਂਕ ਦੀ ਮੋਹਰ ਦੇ ਦੇਵਾਸ ਬੈਂਕ ਨੋਟ ਪ੍ਰੈੱਸ 'ਚ ਪ੍ਰੋਡਕਸ਼ਨ ਸ਼ੁਰੂ ਹੋ ਚੁੱਕੀ ਹੈ। 100 ਦੇ ਨਵੇਂ ਨੋਟ ਆਰਬੀਆਈ ਅਗਸਤ ਜਾਂ ਸਤੰਬਰ 'ਚ ਜਾਰੀ ਕਰ ਸਕਦਾ ਹੈ।

ਏਟੀਐਮ 'ਚ ਹੋਵੇਗਾ ਬਦਲਾਅ

100 ਦੇ ਨਵੇਂ ਨੋਟ ਰੱਖਣ ਲਈ ਬੈਂਕਾਂ ਨੂੰ ਆਪਣੇ ਏਟੀਐਮ ਦੇ ਕੇਸ ਟ੍ਰੇਨ 'ਚ ਇੱਕ ਵਾਰ ਫਿਰ ਬਦਲਾਅ ਕਰਨੇ ਪੈਣਗੇ। 2014 'ਚ ਕੇਂਦਰ 'ਚ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਚੌਥੀ ਵਾਰ ਏਟੀਐਮ 'ਚ ਬਦਲਾਅ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 2000, 500 ਤੇ 200 ਦੇ ਨਵੇਂ ਨੋਟਾਂ ਲਈ ਬਦਲਾਅ ਕਰਨਾ ਪਿਆ ਸੀ।