ਨਵੀਂ ਦਿੱਲੀ: ਸੋਨੀਆ ਗਾਂਧੀ ਨੂੰ ‘ਵਿਦੇਸ਼ੀ ਮਾਂ’ ਕਹਿ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ’ਤੇ ਨਿਸ਼ਾਨਾ ਲਾਉਣ ਵਾਲੇ ਬਹੁਜਨ ਸਮਾਜ ਪਾਰਟੀ ਦੇ ਕੌਮੀ ਉਪ ਪ੍ਰਧਾਨ ਜੈ ਪ੍ਰਕਾਸ਼ ਨੂੰ ਮਾਇਆਵਤੀ ਨੇ ਅਹੁਦੇ ਤੋਂ ਹਟਾ ਦਿੱਤਾ ਹੈ। ਜੈ ਪ੍ਰਕਾਸ਼ ਨੇ ਰਾਹੁਲ ਗਾਂਧੀ ’ਤੇ ਵੱਡਾ ਹਮਲਾ ਕਰਦਿਆਂ ਕਿਹਾ ਸੀ ਕਿ ਰਾਹੁਲ ਗਾਂਧੀ ਕਦੇ ਵੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਕਿਉਂਕਿ ਉਹ ਆਪਣੇ ਪਿਤਾ ਰਾਜੀਵ ਗਾਂਧੀ ਤੋਂ ਜ਼ਿਆਦਾ ਵਿਦੇਸ਼ੀ ਮੂਲ ਦੀ ਆਪਣੀ ਮਾਂ ਸੋਨੀਆ ਗਾਂਧੀ ਵਾਂਗ ਦਿਖਦੇ ਹਨ।
ਮਾਇਆਵਤੀ ਨੇ ਜੈ ਪ੍ਰਕਾਸ਼ ਦੇ ਇਸ ਬਿਆਨ ’ਤੇ ਪ੍ਰੈੱਸ ਕਾਨਫਰੰਸ ਕਰਕੇ ਬੀਐਸਪੀ ਦੇ ਸਾਰੇ ਲੀਡਰਾਂ ਤੇ ਵਰਕਰਾਂ ਨੂੰ ਇਹੋ ਜਿਹੀਆਂ ਗੱਲਾਂ ਕਹਿਣ ’ਤੇ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੀਐਸਪੀ ਵਿੱਚ ਅਜਿਹੇ ਬਿਆਨ ਦੇਣਾ ਪਾਰਟੀ ਦੀਆਂ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਸਾਫ ਕੀਤਾ ਕਿ ਜੈ ਪ੍ਰਕਾਸ਼ ਦੇ ਬਿਆਨ ਨਾਲ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ। ਜੈ ਪ੍ਰਕਾਸ਼ ਦੇ ਬਿਆਨ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਨੂੰ ਕੌਮੀ ਉਪ ਪ੍ਰਧਾਨ ਦੇ ਅਹੁਦੇ ਤੋਂ ਤਤਕਾਲ ਪ੍ਰਭਾਵ ਨਾਲ ਹਟਾ ਦਿੱਤਾ ਗਿਆ ਹੈ।
ਬੀਐਸਪੀ ਲੀਡਰ ਜੈ ਪ੍ਰਕਾਸ਼ ਦੇ ਇਸ ਬਿਆਨ ਦੇ ਬਾਅਦ ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਟਵੀਟ ਕਰਕੇ ਕਿਹਾ ਕਿ ਮਹਾਂਗਠਜੋੜ ਤੋਂ ਪਹਿਲਾਂ ਦੀ ਸਥਿਤੀ ਵੇਖੋ, ਹੁਣੇ ਇਹੋ ਜਿਹੀ ਸ਼ੁਰੂਆਤ ਹੈ ਤਾਂ ਅੱਗੇ ਵੇਖੋ ਕੀ ਬਣਦਾ ਹੈ?