ਨਵੀਂ ਦਿੱਲੀ: ਕੇਂਦਰ ਵਲੋਂ ਉਡਾਣ ਭਰਨ ਲਈ ਨਵੇਂ ਨਿਯਮਾਂ ਦਾ ਐਲਾਨ ਹੋਵੇਗਾ, ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਮੁਸਾਫ਼ਿਰ ਲਈ ਘਰੇਲੂ ਉਡਾਣ ਦੀ ਟਿਕਟ ਬੁੱਕ ਕਰਵਾਉਣ ਸਮੇਂ ਕਿਸੇ ਸਰਕਾਰੀ ਪਛਾਣ-ਪੱਤਰ ਨੂੰ ਜੋੜਣਾ ਜ਼ਰੂਰੀ ਹੋਵੇਗਾ। ਟਿਕਟ ਬੁਕਿੰਗ ਲਈ ਤੁਹਾਨੂੰ ਆਪਣੇ ਆਧਾਰ ਨੰਬਰ, ਡਰਾਈਵਿੰਗ ਲਾਈਸੈਂਸ, ਪਾਸਪੋਰਟ ਜਾਂ ਪੈਨ ਨੰਬਰ ਦੀ ਜਾਣਕਾਰੀ ਦੇਣੀ ਹੋਵੇਗੀ।
ਇਸ ਤੋਂ ਇਲਾਵਾ ਚੋਣ ਆਯੋਗ ਵਲੋਂ ਜਾਰੀ ਕੀਤੇ ਗਏ ਮਤਦਾਤਾ ਪਛਾਣ-ਪੱਤਰ ਨੂੰ ਵੀ ਸਵੀਕਾਰ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਬਾਰੇ ਕੋਈ ਅੰਤਿਮ ਫ਼ੈਸਲਾ ਹੋਣਾ ਬਾਕੀ ਹੈ। ਅੰਤਰਰਾਸ਼ਟਰੀ ਉਡਾਣਾਂ ਲਈ ਪਾਸਪੋਰਟ ਨੰਬਰ ਪਹਿਲਾਂ ਦੀ ਤਰ੍ਹਾਂ ਹੀ ਜ਼ਰੂਰੀ ਹੋਵੇਗਾ।
ਕੇਂਦਰੀ ਉਡਾਣ ਰਾਜ ਮੰਤਰੀ ਜੇਯੰਤ ਸਿਨ੍ਹਾ ਨੇ ਕਿਹਾ ਕਿ ਭਾਰਤ ਦੀ ਸੁਰੱਖਿਆ ਦੇ ਮੱਦੇਨਜ਼ਰ 'ਨੋ ਫ਼ਲਾਈ' ਸੂਚੀ ਤਿਆਰ ਕੀਤੀ ਜਾ ਰਹੀ ਹੈ | ਕਈ ਹੋਰ ਦੇਸ਼ਾਂ ਨੇ ਵੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਜਿਹਾ ਕੀਤਾ ਹੈ।