ਚੀਨ ਦਾ ਵਧਦਾ ਪ੍ਰਭਾਵ : ਭਾਰਤ ਨੇ ਵੀ ਲੱਕ ਕਸਿਆ, ਚੁੱਕਿਆ ਇਹ ਕਦਮ
ਏਬੀਪੀ ਸਾਂਝਾ | 26 Feb 2018 09:59 AM (IST)

ਨਵੀਂ ਦਿੱਲੀ- ਚੀਨ ਦੀ ਪ੍ਰਸ਼ਾਂਤ ਮਹਾਸਾਗਰ ਵਿੱਚ ਵਧਦੇ ਪ੍ਰਭਾਵ ਨੇ ਨਜ਼ਰ ਵਿੱਚ ਭਾਰਤ ਨੇ ਵੀ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਹਨ। ਇਸ ਕੜੀ ਵੱਜੋਂ ਭਾਰਤ ਵਲੋਂ 6 ਮਾਰਚ ਤੋਂ 8 ਦਿਨਾਂ ਲਈ ਵੱਡੇ ਪੱਧਰ 'ਤੇ ਸਮੁੰਦਰੀ ਸੈਨਾਵਾਂ ਦਾ ਅਭਿਆਸ ਕੀਤਾ ਜਾ ਰਿਹਾ ਹੈ, ਜਿਸ ਵਿਚ 16 ਮੁਲਕਾਂ ਦੀਆਂ ਜਲ ਸੈਨਾਵਾਂ ਹਿੱਸਾ ਲੈ ਰਹੀਆਂ ਹਨ। ਅਧਿਕਾਰੀਆਂ ਅਨੁਸਾਰ ਇਹ ਭਾਰਤੀ ਪ੍ਰਸ਼ਾਂਤ ਸਾਗਰ 'ਚ ਚੀਨ ਦੀ ਸੈਨਿਕ ਸ਼ਕਤੀ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਕੀਤਾ ਜਾ ਰਿਹਾ ਹੈ, ਅਤੇ ਇਹ ਮਸਲਾ ਸਬੰਧਿਤ ਦੇਸ਼ਾਂ ਦੇ ਜਲ ਸੈਨਾ ਮੁਖੀਆਂ ਦਰਮਿਆਨ ਹੋਣ ਵਾਲੀ ਗੱਲਬਾਤ ਦੌਰਾਨ ਉੱਠਣ ਦੀ ਸੰਭਾਵਨਾ ਹੈ। ਇਸ ਜਲ ਸੈਨਾ ਅਭਿਆਸ ਨਾਲ ਸੰਵੇਦਨਸ਼ੀਲ ਸਮੁੰਦਰੀ ਸਰਹੱਦਾਂ 'ਤੇ ਹੋਣ ਵਾਲੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਟੱਕਰ ਦੇਣ ਦਾ ਅਭਿਆਸ ਕੀਤਾ ਜਾਵੇਗਾ। ਹਰ ਦੋ ਸਾਲ ਬਾਅਦ ਹੋਣ ਵਾਲਾ ਅਭਿਆਸ, ਜਿਸ ਨੂੰ ਕਿ 'ਮਿਲਨ' ਕਿਹਾ ਜਾਂਦਾ ਹੈ, ਅੰਡੇਮਾਨ ਨਿਕੋਬਾਰ ਦੀਪ ਸਮੂਹਾਂ 'ਚ ਹੋਵੇਗਾ। ਭਾਰਤੀ ਜਲ ਸੈਨਾ ਦੇ ਬੁਲਾਰੇ ਕੈਪਟਨ ਡੀ. ਕੇ. ਸ਼ਰਮਾ ਦੇ ਦੱਸਿਆ ਕਿ ਇਸ ਅਭਿਆਸ ਵਿਚ ਆਸਟ੍ਰੇਲੀਆ, ਮਲੇਸ਼ੀਆ, ਮਾਲਦੀਵਸ, ਮਾਰੀਸ਼ਸ, ਮਿਆਂਮਾਰ, ਨਿਊਜ਼ੀਲੈਂਡ, ਓਮਾਨ, ਵੀਅਤਨਾਮ, ਥਾਈਲੈਂਡ, ਤਨਜ਼ਾਨੀਆ, ਸ੍ਰੀ ਲੰਕਾ, ਸਿੰਗਾਪੁਰ, ਬੰਗਲਾਦੇਸ਼, ਇੰਡੋਨੇਸ਼ੀਆ, ਕੀਨੀਆ ਅਤੇ ਕੰਬੋਡੀਆ ਦੀਆਂ ਜਲ ਸੈਨਾਵਾਂ ਸ਼ਾਮਿਲ ਹੋਣਗੀਆਂ। ਕੈਪਟਨ ਸ਼ਰਮਾ ਨੇ ਕਿਹਾ ਕਿ 'ਮਿਲਨ' ਜਿਹੇ ਸੈਨਿਕ ਅਭਿਆਸਾਂ ਨਾਲ ਸੈਨਾਵਾਂ ਨੂੰ ਵੱਖ-ਵੱਖ ਸੁਰੱਖਿਆ ਚੁਣੌਤੀਆਂ ਨਾਲ ਨਿਪਟਣ ਲਈ ਨਵੇਂ ਤਜ਼ਰਬੇ ਅਤੇ ਤਾਲਮੇਲ ਦਾ ਮੌਕਾ ਮਿਲਦਾ ਹੈ। ਪਹਿਲੀ ਵਾਰ 'ਮਿਲਨ' ਅਭਿਆਸ ਸਾਲ 1995 ਵਿਚ 5 ਮੁਲਕਾਂ ਦੀ ਸ਼ਮੂਲੀਅਤ ਨਾਲ ਕੀਤਾ ਗਿਆ ਸੀ।