ਨੂੰਹ ਦੀ ਖੁਦਕੁਸ਼ੀ, ਮੱਧ ਪ੍ਰਦੇਸ਼ ਦੇ ਕਾਨੂੰਨ ਮੰਤਰੀ ਨੂੰ ਮੁਸ਼ਕਲ ਬਣੀ
ਏਬੀਪੀ ਸਾਂਝਾ | 20 Mar 2018 10:07 AM (IST)
ਭੋਪਾਲ- ਮੱਧ ਪ੍ਰਦੇਸ਼ ਦੇ ਕਾਨੂੰਨ ਮੰਤਰੀ ਰਾਮਪਾਲ ਸਿੰਘ ਦੀ ਨੂੰਹ ਨੇ ਰਾਇਸੇਨ ਜ਼ਿਲੇ ਵਿੱਚ ਖੁਦਕੁਸ਼ੀ ਕਰ ਲਈ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ, ਪਰ ਗ੍ਰਹਿ ਮੰਤਰੀ ਭੁਪੇਂਦਰ ਸਿੰਘ ਨੇ ਕਿਹਾ ਕਿ ਇਸ ਕੁੜੀ ਨੇ ਆਪਣੇ ਖੁਦਕੁਸ਼ੀ ਨੋਟ ਵਿੱਚ ਕਿਸੇ ਨੂੰ ਕਸੂਰਵਾਰ ਨਹੀਂ ਠਹਿਰਾਇਆ। ਇਸ ਦੌਰਾਨ ਰਾਇਸੇਨ ਦੀ ਵਸਨੀਕ ਪ੍ਰੀਤੀ ਰਘੂਵੰਸ਼ੀ ਦੇ ਵਾਰਸਾਂ ਨੇ ਮ੍ਰਿਤਕ ਦੇਹ ਲੈਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮ੍ਰਿਤਕਾ ਦੇ ਪਤੀ ਤੇ ਕਾਨੂੰਨ ਮੰਤਰੀ ਦੇ ਪੁੱਤਰ ਗਿਰਜੇਸ਼ ਸਿੰਘ ਵੱਲੋਂ ਹਿੰਦੂ ਰਸਮੋ ਰਿਵਾਜ਼ ਮੁਤਾਬਕ ਅੰਤਮ ਰਸਮਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਮ੍ਰਿਤਕਾ ਦੇ ਪਰਵਾਰ ਨੇ ਦੋਸ਼ ਲਾਇਆ ਕਿ ਪੋਸਟ ਮਾਰਟਮ ਫਾਰਮ ਉਤੇ ਉਨ੍ਹਾਂ ਦੇ ਦਸਖਤ ਕਰਵਾ ਲਏ ਗਏ, ਪਰ ਉਨ੍ਹਾਂ ਦੇ ਵੀਡੀਓਗ੍ਰਾਫਰ ਨੂੰ ਕਮਰੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਰਾਇਸੇਨ ਦੇ ਉਦੈਪੁਰਾ ਵਿੱਚ ਬਣੇ ਤਣਾਅ ਦੇ ਮੱਦੇਨਜ਼ਰ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਵਧੀਕ ਪੁਲਸ ਸੁਪਰਡੈਂਟ ਕੇ ਕਰਕੇਟਾ ਨੇ ਕਿਹਾ ਕਿ ਹਾਲੇ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਕੇਸ ਦਰਜ ਕੀਤਾ ਜਾਵੇਗਾ। ਦਾਅਵਾ ਕੀਤਾ ਗਿਆ ਹੈ ਕਿ ਪ੍ਰੀਤੀ ਤੇ ਗਿਰਜੇਸ਼ ਨੇ ਕੁਝ ਦਿਨ ਪਹਿਲਾਂ ਭੋਪਾਲ ਦੇ ਆਰੀਆ ਸਮਾਜ ਮੰਦਰ ਵਿੱਚ ਸ਼ਾਦੀ ਕਰਾਈ ਸੀ, ਪਰ ਗਿਰਜੇਸ਼ ਦੇ ਪਰਵਾਰ ਨੇ ਉਸ ਦੀ ਕਿਤੇ ਹੋਰ ਮੰਗਣੀ ਕਰਵਾ ਦਿੱਤੀ ਸੀ, ਜਿਸ ਕਰਕੇ ਪ੍ਰੀਤੀ ਨੇ ਨਿਰਾਸ਼ਾ ‘ਚ ਇਹ ਕਦਮ ਚੁੱਕ ਲਿਆ।