ਸਿੰਘੂ ਬਾਰਡਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਅੱਜ ਸਿੰਘੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੀਟਿੰਗ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ 'ਤੇ ਚਰਚਾ ਹੋਈ ਹੈ।


ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਜੋ ਪ੍ਰਦਰਸ਼ਨ ਪਹਿਲਾਂ ਹੀ ਤੈਅ ਸਨ, ਉਹ ਜਾਰੀ ਰਹਿਣਗੇ। ਕਿਸਾਨਾਂ ਵੱਲੋਂ 22 ਨਵੰਬਰ ਨੂੰ ਕਿਸਾਨ ਪੰਚਾਇਤ ਕੀਤੀ ਜਾਵੇਗੀ। ਇਸੇ ਤਰ੍ਹਾਂ ਦਿੱਲੀ ਦੀਆਂ ਹੱਦਾਂ ਉੱਪਰ 26 ਤੇ 29 ਨਵੰਬਰ ਦਾ ਪ੍ਰੋਗਰਾਮ ਉਵੇਂ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ 27 ਨਵੰਬਰ ਨੂੰ ਹੋਏਗੀ ਜਿਸ ਵਿੱਟ 29 ਨਵੰਬਰ ਦੇ ਪ੍ਰੋਗਰਾਮ ਬਾਰੇ ਚਰਚਾ ਕੀਤੀ ਜਾਵੇਗੀ। 


ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੂੰ ਖੁੱਲ੍ਹਾ ਪੱਤਰ ਲਿਖਿਆ ਜਾਵੇਗਾ ਜਿਸ 'ਚ ਬਾਕੀ ਮੰਗਾਂ ਬਾਰੇ ਗੱਲ ਕਰਨ ਲਈ ਕਿਹਾ ਜਾਏਗਾ। ਉਨ੍ਹਾਂ ਕਿਹਾ ਕਿ ਪਰਾਲੀ ਦੇ ਮੁੱਦੇ, ਲਖੀਮਪੁਰ ਖੇੜੀ ਕਾਂਡ ਤੇ ਕਿਸਾਨਾਂ ਖ਼ਿਲਾਫ਼ ਕੇਸਾਂ ਨੂੰ ਰੱਦ ਕਰਨ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਰਾਜਾਂ ਨੂੰ ਖੇਤੀ ਪੈਕੇਜ ਦਿੱਤਾ ਜਾਣਾ ਚਾਹੀਦਾ ਹੈ। 


ਕਿਸਾਨ ਲੀਡਰਾਂ ਨੇ ਕਿਹਾ ਕਿ ਜਦੋਂ ਸਰਕਾਰ ਬੁਲਾਵੇਗੀ ਤਾਂ ਉਹ ਜ਼ਰੂਰ ਜਾਣਗੇ। ਉਨ੍ਹਾਂ ਕਿਹਾ ਕਿ ਐਮਐਸਪੀ 'ਤੇ ਬਣਨ ਵਾਲੀ ਕਮੇਟੀ ਬਾਰੇ ਕੋਈ ਸਪੱਸ਼ਟਤਾ ਨਹੀਂ। ਇਸ ਲਈ ਅਜੇ ਅੰਦਲੋਨ ਜਾਰੀ ਰਹੇਗਾ। ਅਜੇ ਇਹ ਵੀ ਸਪਸ਼ਟ ਨਹੀਂ ਕਿ ਕਿਸਾਨ ਦੀਆਂ ਮੰਗਾਂ ਨੂੰ ਕਿੰਨੇ ਸਮੇਂ ਵਿੱਚ ਹੱਲ ਕੀਤਾ ਜਾਵੇਗਾ।


 


ਯੋਗੀ ਦੀ ਚੁਣੌਤੀ ਮਗਰੋਂ ਕੱਲ੍ਹ ਕਿਸਾਨ ਲਖਨਊ 'ਚ ਵਿਖਾਉਣਗੇ ਤਾਕਤ


ਕੱਲ੍ਹ ਸੋਮਵਾਰ ਨੂੰ ਕਿਸਾਨ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਾਊ 'ਚ ਆਪਣੀ ਤਾਕਤ ਵਿਖਾਉਣਗੇ। ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਸੋਮਵਾਰ ਨੂੰ ਲਖਨਊ 'ਚ ਕਿਸਾਨ ਮਹਾਪੰਚਾਇਤ ਬੁਲਾਈ ਹੈ। ਕਿਸਾਨਾਂ ਨੇ ਕਿਹਾ ਕਿ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਹੈ, ਪਰ ਉਹ ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ ਸੋਮਵਾਰ ਨੂੰ ਲਖਨਊ 'ਚ ਕਿਸਾਨ ਮਹਾਪੰਚਾਇਤ ਕਰਨਗੇ।

ਦੱਸ ਦਈਏ ਕਿ ਲਖਨਊ 'ਚ ਕਿਸਾਨ ਮਹਾਪੰਚਾਇਤ ਦੇ ਵੱਡੇ ਅਰਥ ਹਨ ਕਿਉਂਕਿ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਨੇ ਕਿਸਾਨਾਂ ਨੂੰ ਚੁਣੌਤੀ ਦਿੱਤੀ ਸੀ ਕਿ ਲਖਨਊ ਨੂੰ ਦਿੱਲੀ ਨਾ ਸਮਝਿਓ। ਇਸ ਮਗਰੋਂ ਕਿਸਾਨਾਂ ਨੇ ਚੋਣਾਂ ਤੋਂ ਐਨ ਪਹਿਲਾਂ ਯੋਗੀ ਨੂੰ ਆਪਣੀ ਤਾਕਤ ਵਿਖਾਉਣ ਲਈ ਲਖਨਾਊ ਵਿਚ ਮਹਾਪੰਚਾਇਤ ਦਾ ਐਲਾਨ ਕੀਤਾ ਸੀ। ਇਸ ਤਹਿਤ ਹੀ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਸਮੇਤ ਵੱਖ-ਵੱਖ ਮੰਗਾਂ ਲਈ ਸਾਲ ਤੋਂ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਸੋਮਵਾਰ ਨੂੰ ਲਖਨਊ ਵਿਚ ਕਿਸਾਨ ਮਹਾਪੰਚਾਇਤ ਬੁਲਾਈ ਹੈ। ਇਸ ਵਿਚ ਐਸਕੇਐਮ ਭਵਿੱਖ ਦੀ ਰਣਨੀਤੀ ’ਤੇ ਵਿਚਾਰ ਕਰੇਗੀ।