ਨਵੀਂ ਦਿੱਲੀ: ਜੰਮੂ-ਕਸ਼ਮੀਰ ਪੁਲਿਸ ਦਾ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਵਿਦੇਸ਼ ਮੰਤਰਾਲੇ ਨੂੰ ਸੰਨ੍ਹ ਲਾਉਣ ਦੀ ਤਿਆਰੀ ਵਿੱਚ ਸੀ। ਕੌਮੀ ਜਾਂਚ ਏਜੰਸੀ (ਐਨਆਈਏ) ਦੀ ਚਾਰਜਸ਼ੀਟ ਵਿੱਚ ਹੋਸ਼ ਉਡਾ ਦੇਣ ਵਾਲੇ ਖੁਲਾਸੇ ਹਨ। ਕੌਮੀ ਜਾਂਚ ਏਜੰਸੀ (ਐਨਆਈਏ) ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਵਿਦੇਸ਼ ਮੰਤਰਾਲੇ ’ਚੋਂ ਜਾਣਕਾਰੀਆਂ ਹਾਸਲ ਕਰਨ ਲਈ ਜੰਮੂ-ਕਸ਼ਮੀਰ ਪੁਲਿਸ ਦੇ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਨੂੰ ਮੋਹਰਾ ਬਣਾਇਆ ਸੀ।

ਯਾਦ ਰਹੇ ਦਹਿਸ਼ਤੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਦੀ ਮਦਦ ਕਰਨ ਦੇ ਦੋਸ਼ ਹੇਠ ਐਨਆਈਏ ਦਵਿੰਦਰ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਜੁਲਾਈ ਮਹੀਨੇ ਦਾਇਰ ਕੀਤੀ ਗਈ ਇਸ ਚਾਰਜਸ਼ੀਟ ’ਚ ਦਵਿੰਦਰ ਸਿੰਘ ਤੇ ਹੋਰਾਂ ’ਤੇ ਪਾਕਿਸਤਾਨ ਆਧਾਰਿਤ ਅਤਿਵਾਦੀਆਂ ਤੇ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੀ ਮਦਦ ਨਾਲ ‘ਭਾਰਤ ਖ਼ਿਲਾਫ਼ ਜੰਗ’ ਛੇੜਨ ਦਾ ਦੋਸ਼ ਲਾਇਆ ਗਿਆ ਹੈ।

ਕੌਮੀ ਜਾਂਚ ਏਜੰਸੀ ਵੱਲੋਂ ਜੰਮੂ ਦੀ ਵਿਸ਼ੇਸ਼ ਅਦਾਲਤ ’ਚ ਦਾਇਰ ਚਾਰਜਸ਼ੀਟ ਅਨੁਸਾਰ ਜੰਮੂ-ਕਸ਼ਮੀਰ ਪੁਲਿਸ ’ਚ ਤਾਇਨਾਤ ਦਵਿੰਦਰ ਸਿੰਘ ਪਾਕਿਸਤਾਨ ਹਾਈ ਕਮਿਸ਼ਨ ਵਿਚਲੇ ਆਪਣੇ ਸੂਤਰਧਾਰਾਂ ਦੇ ਲਗਾਤਾਰ ਸੰਪਰਕ ’ਚ ਸੀ। ਇਹ ਸੂਤਰਧਾਰ ਅੱਗੇ ਜਾਣਕਾਰੀ ਇਸਲਾਮਾਬਾਦ ਭੇਜਦੇ ਸਨ। ਐਨਆਈਏ ਦੀ 3064 ਸਫ਼ਿਆਂ ਦੀ ਚਾਰਜਸ਼ੀਟ ਅਨੁਸਾਰ ਦਵਿੰਦਰ ਸਿੰਘ ਤੇ ਪੰਜ ਹੋਰਾਂ ਖ਼ਿਲਾਫ਼ ਗ਼ੈਰ ਕਾਨੂੰਨੀ ਗਤੀਵਿਧੀਆਂ ਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਚਾਰਜਸ਼ੀਟ ’ਚ ਇਸ ਪੁਲਿਸ ਅਫ਼ਸਰ ਵੱਲੋਂ ਅਤਿਵਾਦੀਆਂ ਨੂੰ ਦਿੱਤੀਆਂ ਗਈਆਂ ਪਨਾਹਾਂ ਦੇ ਵੇਰਵੇ ਵੀ ਦਰਜ ਹਨ। ਹਿਜ਼ਬੁਲ ਮੁਜਾਹਿਦੀਨ ਨਾਲ ਜੁੜਨ ਤੋਂ ਬਾਅਦ ਦਵਿੰਦਰ ਸਿੰਘ ਨੂੰ ਵਿਦੇਸ਼ ਮੰਤਰਾਲੇ ’ਚ ਵੀ ਸੰਪਰਕ ਸਥਾਪਤ ਕਰਨ ਲਈ ਕਿਹਾ ਗਿਆ ਸੀ ਤਾਂ ਜੋ ਉੱਥੇ ਜਾਸੂਸੀ ਕੀਤੀ ਜਾ ਸਕਦੇ ਹਾਲਾਂਕਿ ਦਵਿੰਦਰ ਸਿੰਘ ਪਾਕਿਸਤਾਨੀ ਅੰਬੈਸੀ ਦੀ ਇਸ ਯੋਜਨਾ ਨੂੰ ਸਿਰੇ ਨਹੀਂ ਚੜ੍ਹਾ ਸਕਿਆ।