Tahawwur Rana Extradition: 26/11 ਦੇ ਮੁੰਬਈ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਤਹੱਵੁਰ ਰਾਣਾ ਇਸ ਸਮੇਂ ਐਨਆਈਏ (NIA) ਦੀ ਹਿਰਾਸਤ ਵਿੱਚ ਹੈ। ਸੂਤਰਾਂ ਅਨੁਸਾਰ, ਸ਼ੁੱਕਰਵਾਰ (11 ਅਪ੍ਰੈਲ, 2025) ਨੂੰ ਉਸ ਤੋਂ 4 ਘੰਟੇ ਪੁੱਛਗਿੱਛ ਕੀਤੀ ਗਈ, ਪਰ ਉਸ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ। ਤਹੱਵੁਰ ਤੋਂ ਪੁੱਛਗਿੱਛ ਸਵੇਰੇ 11.15 ਵਜੇ ਸ਼ੁਰੂ ਹੋਈ ਸੀ। ਉਸ ਨੂੰ ਰਾਤ ਲਗਭਗ 11.10 ਵਜੇ ਉਸਦੇ ਸੈੱਲ ਤੋਂ ਬਾਹਰ ਕੱਢ ਕੇ ਪੁੱਛਗਿੱਛ ਵਾਲੇ ਕਮਰੇ ਵਿੱਚ ਲਿਜਾਇਆ ਗਿਆ ਸੀ।
ਦੋਸ਼ੀ ਬਣਾਉਂਦਾ ਰਿਹਾ ਬਿਮਾਰੀ ਦਾ ਬਹਾਨਾ
ਇਸ ਤੋਂ ਪਹਿਲਾਂ, ਐਨਆਈਏ ਅਧਿਕਾਰੀਆਂ ਦੀ ਇੱਕ ਮੀਟਿੰਗ ਸਵੇਰੇ 10.30 ਤੋਂ 11 ਵਜੇ ਦੇ ਵਿਚਕਾਰ ਹੋਈ, ਜਿਸ ਵਿੱਚ ਤਹੱਵੁਰ ਰਾਣਾ ਤੋਂ ਪੁੱਛਗਿੱਛ ਲਈ ਇੱਕ ਰੂਪਰੇਖਾ ਤਿਆਰ ਕੀਤੀ ਗਈ। ਸੂਤਰਾਂ ਅਨੁਸਾਰ, ਤਹੱਵੁਰ ਪੁੱਛਗਿੱਛ ਦੌਰਾਨ ਆਪਣੀ ਬਿਮਾਰੀ ਦਾ ਹਵਾਲਾ ਦੇ ਕੇ ਜਾਂਚ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਤੋਂ ਹਵਾਲਗੀ ਤੋਂ ਬਾਅਦ ਅਦਾਲਤ ਨੇ ਰਾਣਾ ਨੂੰ 18 ਦਿਨਾਂ ਦੀ ਐਨਆਈਏ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਸ ਤੋਂ ਬਾਅਦ ਉਸਨੂੰ ਸ਼ੁੱਕਰਵਾਰ ਸਵੇਰੇ ਐਨਆਈਏ ਹੈੱਡਕੁਆਰਟਰ ਲਿਆਂਦਾ ਗਿਆ।
ਦੂਜੇ ਸ਼ਹਿਰਾਂ ਵਿੱਚ ਵੀ ਹਮਲੇ ਕਰਨ ਦੀ ਬਣਾ ਰਿਹਾ ਸੀ ਯੋਜਨਾ
ਐਨਆਈਏ ਤਹੱਵੁਰ ਰਾਣਾ ਤੋਂ ਭਾਰਤ ਵਿੱਚ ਅੱਤਵਾਦੀ ਨੈੱਟਵਰਕ ਅਤੇ 26/11 ਹਮਲੇ ਦੀ ਸਾਜ਼ਿਸ਼ ਨਾਲ ਸਬੰਧਤ ਸਾਰੇ ਪਹਿਲੂਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੀ ਹੈ। ਤਹਵੁੱਰ ਰਾਣਾ 'ਤੇ ਡੇਵਿਡ ਕੋਲਮੈਨ ਹੈਡਲੀ, ਲਸ਼ਕਰ-ਏ-ਤੋਇਬਾ (LeT), ਹਰਕਤ-ਉਲ-ਜੇਹਾਦੀ ਇਸਲਾਮੀ (HUJI) ਅਤੇ ਹੋਰ ਪਾਕਿਸਤਾਨੀ ਅੱਤਵਾਦੀਆਂ ਨਾਲ ਮਿਲ ਕੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ।
ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਤਹੱਵੁਰ ਰਾਣਾ ਨੇ ਭਾਰਤ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਲਈ 26/11 ਦੇ ਮੁੰਬਈ ਹਮਲਿਆਂ ਵਰਗੀ ਅੱਤਵਾਦੀ ਸਾਜ਼ਿਸ਼ ਰਚੀ ਸੀ। ਆਪਣੇ ਹੁਕਮ ਵਿੱਚ ਅਦਾਲਤ ਨੇ ਐਨਆਈਏ ਨੂੰ ਇਹ ਵੀ ਨਿਰਦੇਸ਼ ਦਿੱਤਾ ਸੀ ਕਿ ਉਹ ਹਰ 24 ਘੰਟਿਆਂ ਵਿੱਚ ਤਹੱਵੁਰ ਰਾਣਾ ਦੀ ਡਾਕਟਰੀ ਜਾਂਚ ਕਰੇ ਅਤੇ ਉਸ ਨੂੰ ਹਰ ਦੂਜੇ ਦਿਨ ਆਪਣੇ ਵਕੀਲ ਨੂੰ ਮਿਲਣ ਦੀ ਆਗਿਆ ਦੇਵੇ।
ਦਿੱਲੀ, ਕੋਚੀ, ਅਹਿਮਦਾਬਾਦ ਸਮੇਤ ਇਨ੍ਹਾਂ ਸ਼ਹਿਰਾਂ ਦਾ ਕੀਤਾ ਗਿਆ ਦੌਰਾ
ਐਨਆਈਏ ਦੇ ਅਨੁਸਾਰ, ਤਹੱਵੁਰ ਰਾਣਾ, ਆਪਣੀ ਪਤਨੀ ਸਮਰਾਜ ਰਾਣਾ ਅਖਤਰ ਦੇ ਨਾਲ, 13 ਨਵੰਬਰ ਤੋਂ 21 ਨਵੰਬਰ, 2008 ਦੇ ਵਿਚਕਾਰ ਉੱਤਰ ਪ੍ਰਦੇਸ਼ ਦੇ ਹਾਪੁੜ ਅਤੇ ਆਗਰਾ, ਦਿੱਲੀ, ਕੋਚੀ, ਅਹਿਮਦਾਬਾਦ ਅਤੇ ਮੁੰਬਈ ਗਏ ਸਨ। ਉਨ੍ਹਾਂ ਦੀ ਇਹ ਫੇਰੀ ਦੇਸ਼ ਭਰ ਵਿੱਚ ਹੋਰ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ।