NIA Raids in Punjab and Haryana: ਵਿਦੇਸ਼ਾਂ ਵਿੱਚ ਖਾਲਿਸਤਾਨ ਪੱਖੀਆਂ ਦੀ ਵਧਦੀਆਂ ਗਤੀਵਿਧੀਆਂ ਨੂੰ ਵੇਖਦਿਆਂ ਭਾਰਤੀ ਏਜੰਸੀਆਂ ਅਲਰਟ ਮੋਡ ਉਪਰ ਹਨ। ਇਸੇ ਤਹਿਤ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਜ ਹਰਿਆਣਾ ਤੇ ਪੰਜਾਬ ਵਿੱਚ ਵੱਡਾ ਐਕਸ਼ਨ ਕੀਤਾ ਹੈ। ਅੱਜ ਸਵੇਰੇ 5 ਵਜੇ ਹੀ ਐਨਆਈਏ ਦੀਆਂ ਟੀਮਾਂ ਨੇ ਦੋਵਾਂ ਸੂਬਿਆਂ ਅੰਦਰ ਕਈ ਥਾਈਂ ਰੇਡ ਕੀਤੀ। ਐਨਆਈਏ ਦੀਆਂ ਟੀਮਾਂ ਵੱਲੋਂ ਇਹ ਛਾਪੇਮਾਰੀ ਪੰਜਾਬ ਦੇ ਮੁਕਤਸਰ, ਬਠਿੰਡਾ ਤੇ ਮੋਗਾ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਕੀਤੀ ਗਈ। ਜੇਲ੍ਹ 'ਚ ਬੰਦ ਗੈਂਗਸਟਰਾਂ ਵੀ ਤੋਂ ਪੁੱਛਗਿੱਛ ਦੀ ਖਬਰ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਪੰਜਾਬ ਨਾਲ ਲੱਗਦੇ ਡੱਬਵਾਲੀ ਦੇ ਇਲਾਕਿਆਂ ਵਿੱਚ ਵੀ ਛਾਪੇਮਾਰੀ ਕੀਤੀ ਗਈ।




ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੇ ਅਧਿਕਾਰੀਆਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਮੌਜੂਦ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਗੈਂਗਸਟਰਾਂ ਤੇ ਖਾਲਿਸਤਾਨੀਆਂ ਦੇ ਸਬੰਧਾਂ ਨੂੰ ਲੈ ਕੇ ਕੀਤੀ ਗਈ। ਮਾਨਸਾ ਵਿੱਚ ਐਨਆਈਏ ਨੂੰ ਵਿਸ਼ਾਲ ਸਿੰਘ (ਪਟਿਆਲਾ ਜੇਲ੍ਹ ਵਿੱਚ ਬੰਦ) ਤੇ ਮੇਸ਼ੀ ਬਾਕਸਰ (ਸਾਬਕਾ ਖਿਡਾਰੀ) ਦੇ ਖਾਲਿਸਤਾਨੀ ਅਰਸ਼ ਡੱਲਾ ਤੇ ਨਸ਼ਾ ਤਸਕਰਾਂ ਨਾਲ ਸਬੰਧ ਹੋਣ ਦਾ ਸ਼ੱਕ ਹੈ।



ਇਸ ਤੋਂ ਇਲਾਵਾ ਬਠਿੰਡਾ 'ਚ NIA ਨੇ ਪਿੰਡ ਕੋਠਾ ਗੁਰੂ ਦੇ ਰਹਿਣ ਵਾਲੇ ਸੰਦੀਪ ਸਿੰਘ ਢਿੱਲੋਂ, ਬੌਬੀ ਵਾਸੀ ਮੋੜ ਮੰਡੀ ਤੇ ਇੱਕ ਹੋਰ ਦੇ ਘਰ ਛਾਪਾ ਮਾਰਿਆ। ਇਹ ਛਾਪੇਮਾਰੀ ਮਲੋਟ ਰੋਡ ਬਾਈਪਾਸ 'ਤੇ ਅਮਨਦੀਪ ਨਾਂ ਦੇ ਵਿਅਕਤੀ ਦੇ ਘਰ ਵੀ ਕੀਤੀ ਗਈ। ਅਮਨਦੀਪ ਨਾਭਾ ਜੇਲ੍ਹ ਵਿੱਚ ਬੰਦ ਹੈ। ਇਸੇ ਤਰ੍ਹਾਂ NIA ਨੇ ਡੱਬਵਾਲੀ ਸ਼ਹਿਰ ਤੇ ਪਿੰਡ ਲੋਹਗੜ੍ਹ 'ਚ ਦੋ ਥਾਵਾਂ 'ਤੇ ਛਾਪੇਮਾਰੀ ਕੀਤੀ। NIA ਨੇ ਸਵੇਰੇ 8.30 ਵਜੇ ਤੱਕ ਇੱਥੇ ਜਾਂਚ ਕੀਤੀ। ਨਗਰ ਨਿਗਮ ਦੇ ਮੁਲਾਜ਼ਮ ਤੋਂ ਅੰਮ੍ਰਿਤਪਾਲ ਉਰਫ ਰਾਜੂ ਤੇ ਖਾਲਿਸਤਾਨੀ ਅਰਸ਼ ਡੱਲਾ ਬਾਰੇ ਪੁੱਛਗਿੱਛ ਕੀਤੀ ਗਈ।



ਹਾਸਲ ਜਾਣਕਾਰੀ ਮੁਤਾਬਕ ਰਾਸ਼ਟਰੀ ਜਾਂਚ ਏਜੰਸੀ ਨੇ ਡੱਬਵਾਲੀ ਦੇ ਧਾਲੀਵਾਲ ਨਗਰ ਤੇ ਲੋਹਗੜ੍ਹ 'ਚ ਅੱਧਾ ਘੰਟਾ ਪੁੱਛਗਿੱਛ ਕੀਤੀ। ਐਨਆਈਏ ਦੀ ਟੀਮ ਡੱਬਵਾਲੀ ਦੇ ਧਾਲੀਵਾਲ ਨਗਰ ਵਿੱਚ ਬਲਰਾਜ ਨਾਮ ਦੇ ਵਿਅਕਤੀ ਦੇ ਘਰ ਤੜਕੇ ਪਹੁੰਚੀ। ਟੀਮ ਨੇ ਬਲਰਾਜ ਤੋਂ ਅੰਮ੍ਰਿਤਪਾਲ ਉਰਫ ਰਾਜੂ ਤੇ ਅਰਸ਼ ਡੱਲਾ ਬਾਰੇ ਪੁੱਛਗਿੱਛ ਕੀਤੀ। NIA ਦੀ ਟੀਮ ਨੇ ਉਸ ਤੋਂ 20 ਮਿੰਟ ਤੱਕ ਪੁੱਛਗਿੱਛ ਕੀਤੀ। ਦੂਜੇ ਪਾਸੇ NIA ਦੀ ਟੀਮ ਲੋਹਗੜ੍ਹ 'ਚ ਅਪਰਾਧਿਕ ਪ੍ਰਵਿਰਤੀ ਵਾਲੇ ਵਿਅਕਤੀ ਅੰਮ੍ਰਿਤਪਾਲ ਉਰਫ ਰਾਜੂ ਦੇ ਘਰ ਪਹੁੰਚੀ। NIA ਦੀ ਟੀਮ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਰਾਜੂ ਤੋਂ ਪਹਿਲਾਂ ਵੀ ਦੋ ਵਾਰ ਪੁੱਛਗਿੱਛ ਕਰ ਚੁੱਕੀ ਹੈ। ਲਾਰੈਂਸ ਗੈਂਗ ਨਾਲ ਸਬੰਧ ਹੋਣ ਕਾਰਨ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।



ਹਾਲਾਂਕਿ, ਜਦੋਂ ਐਨਆਈਏ ਦੀ ਟੀਮ ਰਾਜੂ ਦੇ ਘਰ ਪਹੁੰਚੀ ਤਾਂ ਘਰ ਵਿੱਚ ਸਿਰਫ਼ ਉਸਦੇ ਪਰਿਵਾਰਕ ਮੈਂਬਰ ਹੀ ਮੌਜੂਦ ਸਨ। ਜਾਣਕਾਰੀ ਅਨੁਸਾਰ ਰਾਜੂ ਇਸ ਸਮੇਂ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਧਾਲੀਵਾਲ ਨਗਰ ਦੇ ਰਹਿਣ ਵਾਲੇ ਬਲਰਾਜ ਨੇ ਦੱਸਿਆ ਕਿ ਉਹ ਨਗਰ ਪਾਲਿਕਾ ਵਿੱਚ ਮੁਲਾਜ਼ਮ ਹੈ। ਉਸ ਦਾ ਲੋਹਗੜ੍ਹ ਦੇ ਅੰਮ੍ਰਿਤਪਾਲ ਸਿੰਘ ਉਰਫ਼ ਰਾਜੂ ਦੇ ਘਰ ਆਉਣਾ ਜਾਣਾ ਹੈ। ਰਾਜੂ ਦੇ ਪਿਤਾ ਨਾਲ ਉਸ ਦੇ ਪਰਿਵਾਰਕ ਸਬੰਧ ਹਨ। ਉਹ ਉਨ੍ਹਾਂ ਦੇ ਘਰੋਂ ਪਸ਼ੂਆਂ ਲਈ ਸੁੱਕਾ ਚਾਰਾ ਲਿਆਉਂਦਾ ਰਹਿੰਦਾ ਹੈ।



ਐਨਆਈਏ ਦੀ ਟੀਮ ਨੇ ਉਸ ਤੋਂ ਰਾਜੂ ਤੇ ਅਰਸ਼ ਡੱਲਾ ਨਾਲ ਸਬੰਧਾਂ ਬਾਰੇ ਪੁੱਛਗਿੱਛ ਕੀਤੀ। ਬਲਰਾਜ ਨੇ ਦੱਸਿਆ ਕਿ ਉਸ ਨੂੰ ਅਰਸ਼ ਡੱਲਾ ਬਾਰੇ ਕੋਈ ਜਾਣਕਾਰੀ ਨਹੀਂ। ਕੁਝ ਦੇਰ ਪੁੱਛਗਿੱਛ ਕਰਨ ਤੋਂ ਬਾਅਦ ਐਨਆਈਏ ਟੀਮ ਰਵਾਨਾ ਹੋ ਗਈ। ਲੋਹਗੜ੍ਹ ਵਾਸੀ ਆਜ਼ਾਦ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਉਰਫ਼ ਰਾਜੂ ਉਸ ਦਾ ਭਰਾ ਹੈ। ਦੋਵੇਂ ਵੱਖ-ਵੱਖ ਰਹਿੰਦੇ ਹਨ। NIA ਦੀ ਟੀਮ ਦੇ 5 ਤੋਂ 6 ਲੋਕ ਆਏ ਸਨ। ਉਨ੍ਹਾਂ ਨੇ ਰਾਜੂ ਬਾਰੇ ਗੱਲ ਕੀਤੀ ਸੀ।