ਨਵੀਂ ਦਿੱਲੀ: ਦੇਸ਼ 'ਚ ਦੀਵਾਲੀ ਤੋਂ ਬਾਅਦ ਕੋਰੋਨਾ ਸੰਕਟ ਇਕ ਵਾਰ ਫਿਰ ਗਰਮਾ ਗਿਆ ਹੈ। ਇਨਫੈਕਸ਼ਨ ਦੇ ਵਾਧੇ ਦੇ ਮੱਦੇਨਜ਼ਰ ਕੁਝ ਸੂਬਿਆਂ ਨੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਗੁਜਰਾਤ ਦੇ ਅਹਿਮਦਾਬਾਦ ਤੇ ਮੱਧ ਪ੍ਰਦੇਸ਼ ਦੇ ਪੰਜ ਸ਼ਹਿਰਾਂ 'ਚ ਨਾਈਟ ਕਰਫਿਊ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਸੂਬਿਆਂ 'ਚ ਸਕੂਲ ਤੇ ਬਜ਼ਾਰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਅਹਿਮਦਾਬਾਦ 'ਚ 57 ਘੰਟੇ ਦਾ ਕਰਫਿਊ
ਗੁਜਰਾਤ ਸਰਕਾਰ ਨੇ ਅਹਿਮਦਾਬਾਦ 'ਚ ਦੀਵਾਲੀ ਦੇ ਦੌਰਾਨ ਤੇ ਬਾਅਦ 'ਚ ਕੋਰੋਨਾ ਕੇਸ ਵਧਣ ਕਾਰਨ ਰਾਤ ਦਾ ਕਰਫਿਊ ਲਾਉਣ ਦਾ ਫੈਸਲਾ ਕੀਤਾ ਹੈ। ਇਹ ਕਰਫਿਊ ਅਹਿਮਦਾਬਾਦ ਸ਼ਹਿਰ 'ਚ ਸ਼ੁੱਕਰਵਾਰ ਰਾਤ 9 ਵਜੇ ਤੋਂ ਸੋਮਵਾਰ ਸਵੇਰ ਛੇ ਵਜੇ ਤਕ ਜਾਰੀ ਰਹੇਗਾ। ਹਾਲਾਂਕਿ ਗੁਜਰਾਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ਤੇ ਰੋਕ ਲਈ ਸੂਬੇ 'ਚ ਤਾਜਾ ਲੌਕਡਾਊਨ ਤੋਂ ਇਨਕਾਰ ਕਰ ਦਿੱਤਾ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬਾ ਪੱਧਰੀ ਲੌਕਡਾਊਨ 'ਤੇ ਵਿਚਾਰ ਨਹੀਂ ਕਰ ਰਹੀ।
ਮੱਧ ਪ੍ਰਦੇਸ਼ ਦੇ ਪੰਜ ਜ਼ਿਲ੍ਹਿਆਂ 'ਚ ਕਰਫਿਊ
ਮੱਧ ਪ੍ਰਦੇਸ਼ ਦੇ ਪੰਜ ਜ਼ਿਲ੍ਹਿਆਂ 'ਚ ਵੀ ਸਰਕਾਰ ਨੇ ਰਾਤ ਦੇ ਕਰਫਿਊ ਦਾ ਫੈਸਲਾ ਲਿਆ ਹੈ। ਇਹ ਕਰਫਿਊ ਸ਼ਨੀਵਾਰ ਰਾਤ ਤੋਂ ਲਾਗੂ ਹੋਵੇਗਾ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕੀਤੀ ਸੀ। ਪੰਜ ਜਿਲ੍ਹਿਆਂ ਭੋਪਾਲ, ਇੰਦੌਰ, ਵਿਦਿਸ਼ਾ, ਰਤਲਾਮ ਤੇ ਗਲਾਵੀਅਰ ਚ ਸ਼ਨੀਵਾਰ ਰਾਤ 10 ਵਜੇ ਤੋਂ ਸਵੇਰ ਛੇ ਵਜੇ ਤਕ ਦਾ ਕਰਫਿਊ ਲੱਗੇਗਾ। ਇਸ ਦੌਰਾਨ ਉਦਯੋਗਿਕ ਇਕਾਈਆਂ 'ਚ ਕੰਮ ਕਰਨ ਵਾਲੇ ਕਰਮਚਾਰੀ ਨਿਰਵਿਘਨ ਆ ਜਾ ਸਕਣਗੇ। ਸੂਬੇ ਦੇ ਸਕੂਲ, ਕਾਲਜ ਬੰਦ ਰੱਖੇ ਜਾਣਗੇ। 9ਵੀਂ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀ ਸਕੂਲ ਜਾ ਸਕਣਗੇ।
ਹਰਿਆਣਾ ਤੇ ਮੁੰਬਈ 'ਚ ਸਕੂਲ ਬੰਦ
ਹਰਿਆਣਾ ਸਰਕਾਰ ਨੇ ਪਿਛਲੇ ਮਹੀਨੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਸੀ। ਪਰ ਹਰਿਆਣਾ ਦੇ ਕਈ ਸਕੂਲਾਂ 'ਚ ਕੋਰੋਨਾ ਵਿਸਫੋਟ ਦੇਖਣ ਤੋਂ ਬਾਅਦ ਸਰਕਾਰ ਨੇ 30 ਨਵੰਬਰ ਤਕ ਸਾਰੇ ਸਕੂਲ ਬੰਦ ਕਰ ਦਿੱਤੇ ਹਨ। ਇਹ ਫੈਸਲਾ ਸੂਬਾ ਸਰਕਾਰ ਨੇ ਸਕੂਲਾਂ 'ਚ ਵਧਦੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਲੈਕੇ ਲਿਆ ਹੈ। ਸਿੱਖਿਆ ਵਿਭਾਗ ਨੇ ਇਸ ਸੰਦਰਭ 'ਚ ਨਿਰਦੇਸ਼ ਜਾਰੀ ਕੀਤੇ ਹਨ। ਹਰਿਆਣਾ ਦੇ ਸਕੂਲਾਂ 'ਚ ਵਿਦਿਆਰਥੀਆਂ ਦੀ ਕੋਰੋਨਾ ਜਾਂਚ ਕੀਤੀ ਗਈ ਜਿਸ 'ਚ 300 ਤੋਂ ਜ਼ਿਆਦਾ ਵਿਦਿਆਰਥੀ ਕੋਰੋਨਾ ਦਾ ਸ਼ਿਕਾਰ ਪਾਏ ਗਏ।
ਦੂਜੇ ਪਾਸੇ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਹੁਣ 31 ਦਸੰਬਰ ਤਕ ਸਕੂਲ ਬੰਦ ਰਹਿਣਗੇ। ਇਸ ਸਬੰਧੀ ਬੀਐਮਸੀ ਨੇ ਆਦੇਸ਼ ਜਾਰੀ ਕਰ ਦਿੱਤੇ ਹਨ।
ਰਾਜਸਥਾਨ 'ਚ ਧਾਰਾ 144
ਰਾਜਸਥਾਨ ਚ ਸੂਬਾ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ 21 ਨਵੰਬਰ ਤੋਂ ਧਾਰਾ-144 ਲਾਉਣ ਦੀ ਸਲਾਹ ਦਿੱਤੀ ਹੈ। ਗ੍ਰਹਿ ਵਿਭਾਗ ਦੇ ਗਰੁੱਪ-9 ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।