ਅੰਮ੍ਰਿਤਸਰ: ਨਿਰੰਕਾਰੀ ਮਿਸ਼ਨ ਨੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ ’ਚ ਹੋਏ ਹਮਲੇ ਦੌਰਾਨ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਸ-ਦਸ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਨਿਰੰਕਾਰੀ ਮਿਸ਼ਨ ਦੇ ਜ਼ੋਨਲ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਫ਼ੈਸਲਾ ਸਾਂਝੇ ਤੌਰ ’ਤੇ ਲਿਆ ਗਿਆ ਹੈ। ਇਹ ਰਕਮ ਜਲਦੀ ਪਰਿਵਾਰਾਂ ਨੂੰ ਦੇ ਦਿੱਤੀ ਜਾਏਗੀ।

ਇਹ ਵੀ ਪੜ੍ਹੋ- ਅਕਾਲੀ ਦਲ ਨੇ ਡੇਰਾ ਨਿਰੰਕਾਰੀ ਤੋਂ ਕਿਉਂ ਬਣਾਈ ਦੂਰੀ!

ਸੁਖਦੇਵ ਸਿੰਘ ਪੰਜਾਬ ਸਮੇਤ ਹੋਰ ਸੂਬਿਆਂ ਦੇ ਇੰਚਾਰਜ ਹਨ। ‘ਏਬੀਪੀ ਸਾਂਝਾ’ ਨਾਲ ਖਾਸ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਹਮਲੇ ਬਾਅਦ ਉਨ੍ਹਾਂ ਨੇ ਸਤਸੰਗ ਭਵਨ ਨੂੰ ਖਾਲੀ ਕਰਨ ਦੀ ਬੇਨਤੀ ਕੀਤੀ ਸੀ ਪਰ ਪੁਲਿਸ ਨੇ ਉਨ੍ਹਾਂ ਕੋਲੋਂ ਦੋ-ਦਿਨ ਦਾ ਸਮਾਂ ਹੋਰ ਮੰਗਿਆ ਹੈ। ਉਨ੍ਹਾਂ ਕਿਹਾ ਹੈ ਕਿ ਦੋ ਦਿਨ ਬਾਅਦ ਡੇਰਾ, ਪ੍ਰਬੰਧਕਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਹੀ ਇਸ ਜਗ੍ਹਾ ਤੇ ਸਤਸੰਗ ਹੋ ਸਕੇਗਾ।

ਇਹ ਵੀ ਪੜ੍ਹੋ- ਨਿਰੰਕਾਰੀ ਡੇਰਾ 'ਤੇ ਹਮਲੇ ਮਗਰੋਂ ਸਿੱਖ ਕਾਰਕੁਨਾਂ ਦੇ ਘਰ ਛਾਪੇ, ਗਰਮ ਖਿਆਲੀ ਧਿਰਾਂ ਭੜਕੀਆਂ

ਨਿਰੰਕਾਰੀ ਮਿਸ਼ਨ ਦੇ ਪ੍ਰਬੰਧਕਾਂ ਨੇ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਤਫਤੀਸ਼ 'ਤੇ ਤਸੱਲੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਨਿਰੰਕਾਰੀ ਡੇਰੇ ਦੇ ਪ੍ਰਬੰਧਕਾਂ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੂੰ ਕੋਈ ਕਾਹਲੀ ਨਹੀਂ, ਜਿੰਨਾ ਚਿਰ ਤਕ ਜਾਂਚ ਚੱਲ ਰਹੀ ਹੈ, ਉਹ ਪੁਲਿਸ ਨੂੰ ਪੂਰਾ ਸਹਿਯੋਗ ਦੇਣਗੇ।