ਨਵੀਂ ਦਿੱਲੀ: 14,000 ਕਰੋੜ ਰੁਪਏ ਦਾ ਬੈਂਕ ਘਪਲਾ ਕਰ ਭਗੌੜੇ ਹੋਏ ਹੀਰਾ ਨੀਰਵ ਮੋਦੀ ਕਾਰੋਬਾਰੀ ਦੇ ਲੰਡਨ 'ਚ ਪੰਜਾਲੀ ਪੈ ਗਈ ਹੈ। ਗ੍ਰਿਫ਼ਤਾਰੀ ਮਗਰੋਂ ਜਾਪਦਾ ਸੀ ਕਿ ਉਸ ਨੂੰ ਜ਼ਮਾਨਤ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਜੱਜ ਨੇ ਨੀਰਵ ਮੋਦੀ ਨੂੰ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਤੇ ਸਬੂਤ ਵੀ ਹਨ ਕਿ ਜੇਕਰ ਜ਼ਮਾਨਤ ਦਿੱਤੀ ਤਾਂ ਉਹ ਮੁੜ ਸਮਰਪਣ ਨਹੀਂ ਕਰੇਗਾ। ਮੋਦੀ ਨੂੰ ਵੈਂਡਜ਼ਵਰਥ ਦੀ ਐਚਐਮ ਜੇਲ੍ਹ ਵਿੱਚ ਭੇਜਿਆ ਗਿਆ ਹੈ।

ਜ਼ਰੂਰ ਪੜ੍ਹੋ- ਭਾਰਤ ਦਾ ਭਗੌੜਾ ਮੋਦੀ ਲੰਦਨ 'ਚ ਗ੍ਰਿਫ਼ਤਾਰ

ਨੀਰਵ ਮੋਦੀ ਨੂੰ ਸਕਾਟਲੈਂਡ ਯਾਰਡ ਨੇ 19 ਮਾਰਚ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਗ੍ਰਿਫ਼ਤਾਰੀ ਮਗਰੋਂ ਨੀਰਵ ਮੋਦੀ ਨੇ ਵੈਸਟਮਿੰਸਟਰ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ। ਅਦਾਲਤ ਨੇ ਇਸ ਅਰਜ਼ੀ ਨੂੰ ਖਾਰਜ ਕਰਦਿਆਂ ਅਗਲੀ ਸੁਣਵਾਈ 29 ਮਾਰਚ ਨੂੰ ਤੈਅ ਕੀਤੀ ਹੈ।


14 ਹਜ਼ਾਰ ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਵਿੱਚ ਲੋੜੀਂਦੇ ਕਾਰੋਬਾਰੀ ਨੀਰਵ ਮੋਦੀ ਦੀ ਭਾਰਤ ਹਵਾਲਗੀ ਲਈ ਲੰਡਨ ਦੀ ਅਦਾਲਤ ਵਿੱਚ ਅਪੀਲ ਕੀਤੀ ਹੋਈ ਹੈ। ਅਦਾਲਤ ਨੇ ਉਸੇ ਅਪੀਲ 'ਤੇ ਸੁਣਵਾਈ ਕਰਦਿਆਂ ਮੰਗਲਵਾਰ ਨੂੰ ਨੀਰਵ ਮੋਦੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਉੱਧਰ, ਧੋਖਾਧੜੀ ਤੇ ਕਾਲਾ ਧਨ ਇਕੱਠਾ ਕਰਨ ਦੇ ਮਾਮਲੇ ਵਿੱਚ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਜਾਰੀ ਹੈ। ਮਾਲਿਆ ਵੀ ਗ੍ਰਿਫ਼ਤਾਰ ਹੋਇਆ ਸੀ ਅਤੇ ਉਦੋਂ ਤੋਂ ਜ਼ਮਾਨਤ 'ਤੇ ਹੈ।