ਰੱਖਿਆ ਮੰਤਰੀ ਵੱਲੋਂ ਹੂਸੈਨੀਵਾਲਾ ਵਿਖੇ ਪੁਲ ਦਾ ਉਦਘਾਟਨ
ਏਬੀਪੀ ਸਾਂਝਾ | 12 Aug 2018 01:18 PM (IST)
ਚੰਡੀਗੜ੍ਹ: ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ਹੂਸੈਨੀਵਾਲਾ ਵਿਖੇ ਢਾਈ ਕਰੋੜ ਦੀ ਲਾਗਤ ਨਾਲ ਬਣੇ ਪੁਲ ਦਾ ਉਦਘਾਟਨ ਕੀਤਾ। ਉਦਘਾਟਨੀ ਸਮਾਗਮ ਵਿੱਚ ਪਹੁੰਚੀ ਰੱਖਿਆ ਮੰਤਰੀ ਨੇ ਕਿਹਾ ਕਿ ਇਸ ਪੁਲ਼ ਨਾਲ ਫੌਜੀ ਜਵਾਨਾਂ ਤੇ ਪਾਰ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲੇਗੀ ਤੇ ਹੂਸੈਨੀਵਾਲਾ ਆਉਂਦੇ ਸੈਲਾਨੀਆਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਹਿੱਤ ਲਈ ਅਹਿਮ ਫੈਸਲੇ ਲੈ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਇਸ ਦਾ ਖਾਸਾ ਲਾਭ ਮਿਲੇਗਾ। ਫ਼ਿਰੋਜ਼ਪੁਰ ਪੁੱਜੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਢਾਈ ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਪੁੱਲ ਸਰਹੱਦ ’ਤੇ ਪਹੁੰਚਣ ਲਈ ਰਾਹ ਨੂੰ ਛੋਟਾ ਤੇ ਸੁਖਾਲਾ ਕਰੇਗਾ। ਇਹ ਪੁੱਲ ਲੰਮੇ ਸਮੇਂ ਤੋਂ ਕਾਰਜ ਅਧੀਨ ਸੀ, ਪਰ ਫੌਜ ਵੱਲੋਂ ਬਦਲਵਾਂ ਰਸਤਾ ਕੱਢਿਆ ਹੋਇਆ ਸੀ। ਇਸ ਪੁੱਲ ਦੀ ਫੌਜ ਤੇ ਆਮ ਲੋਕਾਂ ਨੂੰ ਕਾਫੀ ਜ਼ਰੂਰਤ ਰਹਿੰਦੀ ਸੀ। ਹੁਣ ਪੁਲ਼ ਦੇ ਚਾਲੂ ਹੋਣ ਨਾਲ ਇਹ ਲੋੜ ਪੂਰੀ ਹੋ ਸਕੇਗੀ।